ਯੂ. ਕੇ. : ਸਾਊਥਾਲ ਦੀ ਕੌਂਸਲ ਈਲਿੰਗ ''ਚ ਵਧੇ ਕੋਰੋਨਾ ਵਾਇਰਸ ਦੇ ਮਾਮਲੇ
Monday, Aug 31, 2020 - 11:14 AM (IST)
ਲੰਡਨ, (ਰਾਜਵੀਰ ਸਮਰਾ)- ਯੂ. ਕੇ. ਵਿਚ ਸਾਊਥਾਲ ਦੀ ਕੌਂਸਲ ਈਲਿੰਗ ਦੇ ਹਲਕੇ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵੱਡਾ ਵਾਧਾ ਹੋਇਆ ਹੈ। ਰਿਪੋਰਟਾਂ ਮੁਤਾਬਕ 17 ਤੋਂ 23 ਅਗਸਤ ਤੱਕ ਦੇ ਈਲਿੰਗ ਹਲਕੇ 'ਚ 71 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ 23 ਅਗਸਤ ਤੱਕ ਕੁੱਲ 1,781 ਮਾਮਲੇ ਸਾਹਮਣੇ ਆਏ ਹਨ।
ਲੰਡਨ 'ਚ ਉਕਤ ਤਾਰੀਖ਼ ਤੱਕ 38,529 ਪ੍ਰਭਾਵਿਤ ਮਾਮਲੇ ਸਾਹਮਣੇ ਆਏ ਹਨ । ਇੰਗਲੈਂਡ 'ਚ 23 ਅਗਸਤ ਤੱਕ 2,83,990 ਅੰਕੜੇ ਸਾਹਮਣੇ ਆਏ ਅਤੇ ਔਸਤਨ ਦਰ 504.5 ਹੈ। ਇਸ ਅਨੁਸਾਰ ਈਲਿੰਗ ਹਲਕੇ ਦੀ ਲੰਡਨ ਅਤੇ ਇੰਗਲੈਂਡ ਦੀ ਦਰ ਤੋਂ ਵੱਧ ਜਾਣ ਕਰਕੇ ਚਿੰਤਾ ਦਾ ਵਿਸ਼ਾ ਬਣ ਗਈ ਹੈ। ਕੌਂਸਲ ਲੀਡਰ ਜੂਲੀਅਨ ਬੈੱਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਈਲਿੰਗ ਕੌਂਸਲ 'ਚ ਕੋਰੋਨਾ ਦੇ ਮਾਮਲੇ ਮੁੜ ਵਧੇ, ਇਲਾਕੇ ਦੀ ਔਸਤਨ ਦਰ ਲੰਡਨ ਅਤੇ ਇੰਗਲੈਂਡ ਦੀ ਕੋਰੋਨਾ ਪਾਜ਼ੀਟਿਵ ਦਰ ਤੋਂ ਵਧਣਾ ਹੋਰ ਵੀ ਚਿੰਤਾ ਦਾ ਵਿਸ਼ਾ ਹਨ।
ਇਸ ਲਈ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਐੱਮ. ਪੀ. ਵਰਿੰਦਰ ਸ਼ਰਮਾ ਨੇ ਵੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗ ਕਰਨ, ਸਿਹਤ ਮਾਹਿਰਾਂ ਅਤੇ ਸਰਕਾਰ ਵਲੋਂ ਚਿਹਰਾ ਢੱਕਣ, ਸਾਫ਼-ਸਫ਼ਾਈ ਦਾ ਖ਼ਿਆਲ ਰੱਖਣ ਅਤੇ ਲੋੜ ਪੈਣ 'ਤੇ ਐੱਨ. ਐੱਚ. ਐੱਸ. ਦੀ ਮਦਦ ਲੈਣ ਲਈ ਕਿਹਾ ਹੈ। ਇਸ ਤੋਂ ਇਲਾਵਾ ਲੰਡਨ ਪੁਲਸ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10 ਹਜ਼ਾਰ ਪੌਂਡ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਇੰਗਲੈਂਡ 'ਚ ਕੋਰੋਨਾ ਮਾਮਲੇ ਮੁੜ ਵਧਣੇ ਸ਼ੁਰੂ ਹੋਏ ਹਨ।
ਜ਼ਿਕਰਯੋਗ ਹੈ ਕਿ ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਇੰਗਲੈਂਡ ਵਿਚ 1, 715 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 3,34,467 ਹੋ ਗਈ ਹੈ ਜਦਕਿ ਦੇਸ਼ ਵਿਚ ਕੋਰੋਨਾ ਕਾਰਨ 41,499 ਲੋਕ ਆਪਣੀ ਜਾਨ ਗੁਆ ਚੁੱਕੇ ਹਨ।