ਯੂਕੇ: ਓਲਡੈਮ ਕੌਂਸਲ ਨੇ ਕੀਤੀ ਬੇਘਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ 'ਚ ਪਹਿਲ
Thursday, Jan 14, 2021 - 12:41 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਵੱਡੀ ਤਾਦਾਦ ਵਿੱਚ ਬੇਘਰੇ ਲੋਕ ਪਾਏ ਜਾਂਦੇ ਹਨ ਜੋ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਵਾਇਰਸ ਦੀ ਲਾਗ ਦੀ ਲਪੇਟ ਵਿੱਚ ਆਉਣ ਦੇ ਇੱਕ ਵੱਡੇ ਖਤਰੇ ਹੇਠ ਹਨ। ਅਜਿਹੇ ਹੀ ਬੇਘਰੇ ਲੋਕਾਂ ਨੂੰ ਪਹਿਲ ਦਿੰਦਿਆਂ ਕੋਰੋਨਾ ਵਾਇਰਸ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਯੂਕੇ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਸ਼ੁਰੂ ਕਰਦਿਆਂ ਓਲਡੈਮ ਦੇ ਇੱਕ ਬੇਘਰ ਪਨਾਹ 'ਚ ਟੀਕਾਕਰਨ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿੱਥੇ ਕਿ ਬੇਘਰੇ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ।
ਇਸ ਸਮੇਂ ਸਿਹਤ ਵਿਭਾਗ ਦੀ ਸਮੂਹਕ ਟੀਕਾਕਰਨ ਯੋਜਨਾ ਦੇ ਤਹਿਤ, 80 ਸਾਲ ਤੋਂ ਵੱਧ, ਕੇਅਰ ਹੋਮ ਵਸਨੀਕ ਅਤੇ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਟੀਕਾ ਲਗਾਉਣ ਲਈ ਪਹਿਲ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਪਰ ਓਲਡੈਮ ਕੌਂਸਲ ਅਨੁਸਾਰ ਬੇਘਰੇ ਲੋਕਾਂ ਨੂੰ ਵੀ ਟੀਕਾ ਪ੍ਰਾਪਤ ਕਰਨ ਵਾਲੇ ਪਹਿਲੇ ਸਮੂਹ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਸ ਲਈ ਓਲਡੈਮ ਦੇ ਡੀਪੋਲ ਬੇਘਰ ਪਨਾਹਘਰ ਵਿੱਚ ਇੱਕ ਕਲੀਨਿਕ ਸਥਾਪਤ ਕੀਤੇ ਜਾਣ ਤੋਂ ਬਾਅਦ ਖੇਤਰ ਦੇ ਲੱਗਭਗ 30 ਬੇਘਰ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾ ਚੁੱਕਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਮਹਾਮਾਰੀ ਦੇ ਕੇਂਦਰ ਦਾ ਪਤਾ ਲਗਾਉਣ ਲਈ WHO ਟੀਮ ਪਹੁੰਚੀ ਵੁਹਾਨ
ਇਸ ਖੇਤਰ ਦੇ ਸਿਹਤ ਦੇਖਭਾਲ ਲਈ ਜ਼ਿੰਮੇਵਾਰ ਕੌਂਸਲਰ ਅਤੇ ਡਾਕਟਰ ਜ਼ਾਹਿਦ ਚੌਹਾਨ ਨੇ ਦੇਸ਼ ਭਰ ਵਿੱਚ ਬੇਘਰੇ ਲੋਕਾਂ ਨੂੰ ਟੀਕਾਕਰਨ ਪ੍ਰਕਿਰਿਆ ਵਿੱਚ ਸਰਕਾਰ ਨੂੰ ਤਰਜੀਹ ਦੇਣ ਲਈ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਯੂਕੇ ਵਿੱਚ ਕੋਰੋਨਾ ਅੰਕੜਾ ਏਜੰਸੀਆਂ ਦੇ ਅਨੁਸਾਰ ਮੌਤਾਂ ਦੀ ਗਿਣਤੀ ਵਿੱਚ ਹੋ ਰਹੇ ਭਾਰੀ ਵਾਧੇ ਨਾਲ 1,564 ਹੋਰ ਨਵੀਆਂ ਮੌਤਾਂ ਦਰਜ ਹੋਣ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 100,000 ਤੋਂ ਵੱਧ ਹੋ ਗਈ ਹੈ।
ਨੋਟ- ਯੂਕੇ: ਓਲਡੈਮ ਕੌਂਸਲ ਨੇ ਕੀਤੀ ਬੇਘਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ 'ਚ ਪਹਿਲ, ਖ਼ਬਰ ਬਾਰੇ ਦੱਸੋ ਆਪਣੀ ਰਾਏ।