ਅਜੀਬ ਮਾਮਲਾ : ਇਸ ਮਹਿਲਾ ਨੂੰ ਕਦੇ ਮਹਿਸੂਸ ਨਹੀਂ ਹੋਇਆ 'ਦਰਦ'
Saturday, Mar 30, 2019 - 10:35 AM (IST)

ਲੰਡਨ (ਬਿਊਰੋ)— ਮਹਿਸੂਸ ਕਰਨਾ ਹਰੇਕ ਪ੍ਰਾਣੀ ਦਾ ਖਾਸ ਗੁਣ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਹਿਲਾ ਬਾਰੇ ਦੱਸ ਰਹੇ ਹਾਂ ਜਿਸ ਨੂੰ ਦਰਦ ਬਿਲਕੁੱਲ ਵੀ ਮਹਿਸੂਸ ਨਹੀਂ ਹੁੰਦਾ। ਮਾਮਲਾ ਬ੍ਰਿਟੇਨ ਦਾ ਹੈ। ਇੱਥੇ ਰਹਿਣ ਵਾਲੀ 71 ਸਾਲਾ ਕੈਮਰਨ ਦੇ ਹੱਥ ਕੱਪੜੇ ਪ੍ਰੈੱਸ ਕਰਦਿਆਂ ਕਈ ਵਾਰ ਸੜ ਜਾਂਦੇ ਹਨ ਪਰ ਉਨ੍ਹਾਂ ਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਹੱਥ ਵਿਚੋਂ ਸੜਨ ਦੀ ਗੰਧ ਆਉਣ ਲੱਗਦੀ ਹੈ। ਉਹ ਅਕਸਰ ਓਵਨ ਵਿਚ ਆਪਣਾ ਹੱਥ ਸਾੜ ਲੈਂਦੀ ਹੈ ਪਰ ਉਨ੍ਹਾਂ ਨੂੰ ਦਰਦ ਬਿਲਕੁੱਲ ਵੀ ਮਹਿਸੂਸ ਨਹੀਂ ਹੁੰਦਾ। ਕੈਮਰਨ ਦੁਨੀਆ ਦੇ ਉਨ੍ਹਾਂ ਦੋ ਲੋਕਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਜੈਨੇਟਿਕ ਮਿਊਟੇਸ਼ਨ (Genetic mutation) ਦੀ ਦੁਰਲੱਭ ਬੀਮਾਰੀ ਹੈ। ਇਸ ਦਾ ਮਤਲਬ ਹੈ ਕਿ ਕੈਮਰਨ ਨੂੰ ਕਦੇ ਦਰਦ ਮਹਿਸੂਸ ਨਹੀਂ ਹੁੰਦਾ।
ਡਾਕਟਰ ਵੀ ਹੋਏ ਹੈਰਾਨ
65 ਸਾਲ ਦੀ ਉਮਰ ਵਿਚ ਕੈਮਰਨ ਨੂੰ ਪਤਾ ਚੱਲਿਆ ਕਿ ਉਹ ਦੂਜਿਆਂ ਤੋਂ ਵੱਖ ਹੈ। ਜਦੋਂ ਡਾਕਟਰਾਂ ਨੇ ਉਨ੍ਹਾਂ ਦੇ ਇਕ ਹੱਥ ਦੀ ਸਰਜਰੀ ਕੀਤੀ ਤਾਂ ਉਨ੍ਹਾਂ ਨੂੰ ਪੇਨਕਿਲਰ ਦਾ ਸੁਝਾਅ ਦਿੱਤਾ ਭਾਵੇਂਕਿ ਡਾਕਟਰ ਵੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਕੈਮਰਨ ਨੂੰ ਇੰਨੇ ਵੱਡੇ ਆਪਰੇਸ਼ਨ ਦੇ ਬਾਅਦ ਕਿਸੇ ਵੀ ਤਰ੍ਹਾਂ ਦੇ ਪੇਨਕਿਲਰ ਦੀ ਲੋੜ ਨਹੀਂ ਪਈ। ਇਸ ਮਗਰੋਂ ਡਾਕਟਰਾਂ ਨੇ ਕੈਮਰਨ ਨੂੰ ਜੈਨੇਟਿਕ ਟੈਸਟਿੰਗ ਲਈ ਭੇਜਿਆ। ਟੈਸਟ ਵਿਚ ਪਤਾ ਚੱਲਿਆ ਕਿ ਕੈਮਰਨ ਨੂੰ ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਦਰਦ ਮਹਿਸੂਸ ਨਹੀਂ ਹੁੰਦਾ।
ਵਿਗਿਆਨੀਆਂ ਦਾ ਮੰਨਣਾ ਹੈ ਕਿ ਜੀਨ ਮਿਊਟੇਸ਼ਨ ਕਾਰਨ ਕੈਮਰਨ ਨੂੰ ਦਰਦ ਮਹਿਸੂਸ ਨਹੀਂ ਹੁੰਦਾ। ਇਹ ਜੀਨ ਦਰਦ ਦਾ ਸਿਗਨਲ ਭੇਜਣ, ਮੂਡ ਤੈਅ ਕਰਨ ਅਤੇ ਯਾਦਸ਼ਕਤੀ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਮੈਡੀਕਲ ਦੀ ਦੁਨੀਆ ਵਿਚ ਕ੍ਰੋਨਿਕ ਪੇਨ ਨਾਲ ਪ੍ਰਭਾਵਿਤ ਲੋਕਾਂ ਲਈ ਇਲਾਜ ਮਿਲਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ।
ਕਦੇ ਘਬਰਾਉਂਦੀ ਨਹੀਂ ਹੈ ਕੈਮਰਨ
ਕੈਮਰਨ ਇਨਰਵਰਨੇਸ ਵਿਚ ਰਹਿੰਦੀ ਹੈ ਅਤੇ ਟੀਚਰ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਕੈਮਰਨ ਦਾ ਹੱਥ ਟੁੱਟਿਆ, ਕਈ ਜ਼ਖਮ ਹੋਏ, ਬੱਚੇ ਨੂੰ ਜਨਮ ਦਿੱਤਾ ਅਤੇ ਕਈ ਸਰਜਰੀ ਵੀ ਕਰਵਾਈਆਂ ਪਰ ਕਦੇ ਦਰਦ ਮਹਿਸੂਸ ਨਹੀਂ ਹੀ ਨਹੀਂ ਕੀਤਾ। ਬੱਚੇ ਨੂੰ ਜਨਮ ਦੇਣ ਦੇ ਬਾਅਦ ਉਹ ਆਪਣੀ ਸਹੇਲੀਆਂ ਨੂੰ ਦੱਸਦੀ ਸੀ ਕਿ ਇਹ ਇੰਨਾ ਵੀ ਖਤਰਨਾਕ ਅਤੇ ਦਰਦ ਨਾਲ ਭਰਿਆ ਅਨੁਭਵ ਨਹੀਂ ਹੁੰਦਾ। ਕੈਮਰਨ ਸਿਰਫ ਦਰਦ ਮਹਿਸੂਸ ਕਰਨ ਵਿਚ ਹੀ ਅਸਮਰੱਥ ਨਹੀਂ ਸਗੋਂ ਉਹ ਕਦੇ ਘਬਰਾਉਂਦੀ ਵੀ ਨਹੀਂ। ਦੋ ਸਾਲ ਪਹਿਲਾਂ ਜਦੋਂ ਇਕ ਵੈਨ ਨੇ ਉਸ ਨੂੰ ਟੱਕਰ ਮਾਰੀ ਤਾਂ ਇਹ ਬਿਲਕੁੱਲ ਵੀ ਨਹੀਂ ਘਬਰਾਈ। ਇੱਥੋਂ ਤੱਕ ਕਿ ਉਨ੍ਹਾਂ ਨੇ ਕੰਬਦੇ ਹੋਏ ਡਰਾਈਵਰ ਨੰੂੰ ਸ਼ਾਂਤ ਕੀਤਾ। ਬਾਅਦ ਵਿਚ ਕੈਮਰਨ ਨੇ ਖੁਦ ਨੂੰ ਲੱਗੀਆਂ ਸੱਟਾਂ ਵੱਲ ਧਿਆਨ ਦਿੱਤਾ।
ਜਾਂਚ ਵਿਚ ਇਹ ਸੱਚਾਈ ਆਈ ਸਾਹਮਣੇ
ਕਈ ਤਣਾਅ ਟੈਸਟਾਂ ਵਿਚ ਕੈਮਰਨ ਦਾ ਸਕੋਰ ਜ਼ੀਰੋ ਰਿਹਾ। ਕੈਮਰਨ ਕਹਿੰਦੀ ਹੈ,''ਮੈਨੂੰ ਪਤਾ ਸੀ ਕਿ ਮੈਂ ਖੁਸ਼ ਰਹਿੰਦੀ ਹਾਂ ਪਰ ਮੈਨੂੰ ਕਦੇ ਅੰਦਾਜ਼ਾ ਨਹੀਂ ਸੀ ਕਿ ਮੈਂ ਕੁਝ ਵੱਖਰੀ ਹਾਂ। ਇਸ ਸੱਚਾਈ ਬਾਰੇ ਮੈਨੂੰ 65 ਸਾਲ ਦੀ ਉਮਰ ਵਿਚ ਪਤਾ ਚੱਲਿਆ।'' ਵੀਰਵਾਰ ਨੂੰ ਇਕ ਪਤੱਰਿਕਾ ਵਿਚ ਇਸ ਮਾਮਲੇ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡਾਕਟਰਾਂ ਦੀ ਟੀਮ ਨੇ ਕੈਮਰਨ ਦੇ ਡੀ.ਐੱਨ.ਏ. ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਹ ਇੰਨੀ ਅਸਧਾਰਨ ਕਿਉਂ ਹੈ। ਡਾਕਟਰਾਂ ਨੇ ਦੋ ਖਾਸ ਮਿਊਟੇਸ਼ਨ ਦਾ ਪਤਾ ਲਗਾਇਆ। ਦੋਵੇਂ ਮਿਊਟੇਸ਼ਨ ਦਰਦ ਅਤੇ ਤਣਾਅ ਨੂੰ ਦਬਾ ਦਿੰਦੇ ਹਨ। ਇਸ ਦੇ ਇਲਾਵਾ ਇਹ ਮਿਊਟੇਸ਼ਨ ਖੁਸ਼ੀ, ਭੁੱਲਣ ਸ਼ਕਤੀ ਨੂੰ ਵਧਾਵਾ ਦਿੰਦੇ ਹਨ। ਅਤੇ ਜ਼ਖਮ ਜਲਦੀ ਭਰਨ ਵਿਚ ਮਦਦ ਕਰਦੇ ਹਨ।
ਜਦੋਂ ਸ਼ੋਧਕਰਤਾਵਾਂ ਨੇ ਕੈਮਰਨ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੂੰ ਅਤੀਤ ਦੇ ਸਾਰੇ ਅਨੁਭਵ ਯਾਦ ਆਏ। ਜਦੋਂ 8 ਸਾਲ ਦੀ ਉਮਰ ਵਿਚ ਕੈਮਰਨ ਦਾ ਹੱਥ ਟੁੱਟਿਆ ਸੀ ਤਾਂ ਉਨ੍ਹਾਂ ਨੇ ਕਈ ਦਿਨਾਂ ਤੱਕ ਕਿਸੇ ਨੂੰ ਦੱਸਿਆ ਨਹੀਂ ਸੀ। ਪਰ ਹੱਡੀ ਅਜੀਬ ਐਂਗਲ ਵਿਚ ਸੈੱਟ ਹੋਣ ਲੱਗੀ ਸੀ। ਇਸ ਦੇ ਇਲਾਵਾ ਉਹ ਬਹੁਤ ਸਾਰੀਆਂ ਹਰੀਆਂ ਮਿਰਚਾਂ ਖਾ ਸਕਦੀ ਸੀ। ਉਨ੍ਹਾਂ ਨੂੰ ਕਦੇ ਸੱਟ ਵੀ ਲੱਗਦੀ ਸੀ ਤਾਂ ਜ਼ਖਮ ਜਲਦੀ ਭਰ ਜਾਂਦੇ ਸਨ। ਕੈਮਰਨ ਮੁਤਾਬਕ,''ਮੈਂ ਹਮੇਸ਼ਾ ਚੀਜ਼ਾਂ ਭੁੱਲ ਜਾਂਦੀ ਰਹੀ ਹਾਂ। ਮੈਂ ਹਮੇਸ਼ਾ ਹੀ ਅਜਿਹਾ ਕੀਤਾ ਹੈ। ਇਹ ਕੁਝ ਮਾਮਲਿਆਂ ਵਿਚ ਵਧੀਆ ਹੈ ਪਰ ਕੁਝ ਵਿਚ ਨਹੀਂ।''
ਇਸ ਮਾਮਲੇ 'ਚ ਡਾਕਟਰ ਕਰਨਗੇ ਸ਼ੋਧ
ਇਸ ਮਾਮਲੇ 'ਤੇ ਸਟੱਡੀ ਕਰ ਰਹੇ ਸ਼ੋਧਕਰਤਾ ਜੇਮਜ਼ ਕੌਕਸ ਨੇ ਕਿਹਾ,''ਕਈ ਮਾਮਲਿਆਂ ਵਿਚ ਮਿਊਟੇਸ਼ਨ ਕਾਰਨ ਲੋਕਾਂ ਨੂੰ ਦਰਦ ਮਹਿਸੂਸ ਨਹੀਂ ਹੁੰਦਾ। ਮਰੀਜ਼ ਦੀ ਪੂਰੀ ਤਰ੍ਹਾਂ ਦਰਦ ਪ੍ਰਤੀ ਸੰਵੇਦਨਸ਼ੀਲਤਾ ਖਤਮ ਨਹੀਂ ਹੁੰਦੀ ਭਾਵੇਂਕਿ ਜਦੋਂ ਉਹ ਜਵਾਨ ਹੁੰਦੇ ਹਨ ਤਾਂ ਆਪਣੀ ਜੀਭ ਕੱਟ ਲੈਂਦੇ ਹਨ ਜਾਂ ਆਪਣੀਆਂ ਉਂਗਲਾਂ ਚਬਾ ਲੈਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਇਹ ਖਤਰਨਾਕ ਹੈ। ਆਖਿਰਕਾਰ ਕੈਮਰਨ ਦੇ ਡਾਕਟਰ ਨੂੰ ਉਹ ਜੀਨ ਮਿਲ ਹੀ ਗਿਆ, ਜਿਸ ਦੀ ਉਸ ਨੂੰ ਤਲਾਸ਼ ਸੀ। ਇਸ ਜੀਨ ਨੂੰ ਵਿਗਿਆਨੀ FAAH-OUT ਕਹਿੰਦੇ ਹਨ।
ਇਹ ਜੀਨ ਸਾਡੇ ਸਾਰਿਆਂ ਦੇ ਅੰਦਰ ਪਾਇਆ ਜਾਂਦਾ ਹੈ। ਪਰ ਕੈਮਰਨ ਦੇ ਅੰਦਰ ਇਕ ਡਿਲੀਸ਼ਨ ਹੈ ਜੋਕਿ ਜੀਨ ਦੇ ਫਰੰਟ ਨੂੰ ਹਟਾ ਦਿੰਦਾ ਹੈ। ਇਸ ਦੀ ਪੁਸ਼ਟੀ ਉਦੋਂ ਹੋਈ ਜਦੋਂ ਕੈਮਰਨ ਦੇ ਬਲੱਡ ਦੀ ਵਾਧੂ ਪੜਤਾਲ ਕੀਤੀ ਗਈ। ਸ਼ੋਧ ਕਰਤਾਵਾਂ ਦਾ ਕਹਿਣਾ ਹੈ ਕਿ ਉਹ FAAH-OUT 'ਤੇ ਫੋਕਸ ਕਰਨਗੇ ਅਤੇ ਦੇਖਣਗੇ ਕਿ ਇਹ ਜੀਨ ਕਿਵੇਂ ਕੰਮ ਕਰਦਾ ਹੈ ਤਾਂ ਜੋ ਉਹ ਇਕ ਜੀਨ ਥੈਰੇਪੀ ਜਾਂ ਦਰਦ ਰਾਹਤ ਤਕਨੀਕ ਡਿਜ਼ਾਈਨ ਕਰ ਸਕਣ।