UK ਨੇ ਰੂਸ ਦੇ 5 ਬੈਂਕਾਂ ’ਤੇ ਲਗਾਈ ਪਾਬੰਦੀ, ਅਮੀਰਾਂ ਦੀ ਜਾਇਦਾਦ ਕਰੇਗਾ ਜ਼ਬਤ
Wednesday, Feb 23, 2022 - 09:36 AM (IST)
ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਪੂਰਬੀ ਯੂਕ੍ਰੇਨ ਦੇ ਦੋਨੋਂ ਰੂਸ ਸਮਰਥਿਤ ਵੱਖਵਾਦੀ ਖੇਤਰਾਂ ਡੋਨੇਟ੍ਰਸਕ ਅਤੇ ਲੁਗਾਂਸਕ ਨੂੰ ਵੱਖਰਾ ਆਜ਼ਾਦ ਸੂਬਾ ਐਲਾਨ ਕਰਨ ਦੇ ਫ਼ੈਸਲੇ ਤੋਂ ਬਾਅਦ ਅਮਰੀਕਾ ਸਮੇਤ ਪੱਛਮੀ ਦੇਸ਼ ਰੂਸ ਦੇ ਖ਼ਿਲਾਫ਼ ਬੁਰੀ ਤਰ੍ਹਾਂ ਨਾਲ ਭੜਕ ਗਏ ਹਨ ਅਤੇ ਪੂਰਬੀ ਯੂਕ੍ਰੇਨ ਵਿਚ ਰੂਸੀ ਫੌਜੀਆਂ ਦੇ ਦਾਖ਼ਲ ਹੋਣ ਤੋਂ ਬਾਅਦ ਹੁਣ ਮਹਾਜੰਗ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਸੇ ਕੜੀ ਵਿਚ ਜਿਥੇ ਕਈ ਦੇਸ਼ਾਂ ਨੇ ਰੂਸ ਦੇ ਖ਼ਿਲਾਫ਼ ਵਿੱਤੀ ਪਾਬੰਦੀਆਂ ਦਾ ਐਲਾਨ ਕੀਤਾ ਹੈ ਉਥੇ ਬ੍ਰਿਟੇਨ (ਯੂ. ਕੇ.) ਨੇ ਸਭ ਤੋਂ ਪਹਿਲਾਂ ਕਾਰਵਾਈ ਕਰਦੇ ਹੋਏ ਰੂਸ ਦੇ 5 ਬੈਂਕਾਂ ’ਤੇ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਤਿੰਨ ਉੱਚੀ ਨੈੱਟਵਰਥ ਵਾਲੇ ਲੋਕ ਗੇਨਡੀ ਟਿਮਚੇਂਕੋ, ਇਗੋਰ ਰੋਟੇਨਬਰਗ ਅਤੇ ਬੋਰਿਸ ਰੋਟੇਨਵਰਗ ਹਨ। ਦੱਸਿਆ ਜਾ ਰਿਹਾ ਹੈ ਕਿ ਰੂਸ ਦੇ ਪੂਰਬੀ ਯੂਕ੍ਰੇਨ ਦੇ ਦੋ ਵੱਖ-ਵੱਖ ਖੇਤਰਾਂ ਨੂੰ ਆਜ਼ਾਦ ਦੇ ਰੂਪ ਵਿਚ ਮਾਨਤਾ ਦੇ ਜਵਾਬ ਵਿਚ ਬ੍ਰਿਟੇਨ ਨੇ ਇਹ ਕਾਰਵਾਈ ਕੀਤੀ ਹੈ। ਬ੍ਰਿਟੇਨ ਸ਼ੁਰੂ ਤੋਂ ਹੀ ਰੂਸ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ ਹਮਲਾਵਰ ਰਿਹਾ ਹੈ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ ਦੋ ਵੱਖਵਾਦ ਯੂਕ੍ਰੇਨੀ ਗਣਰਾਜਾਂ ਨੂੰ ਮਾਨਤਾ ਦੇਣ ਦਾ ਪੁਤਿਨ ਦਾ ਫੈਸਲਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ ਅਤੇ ਇਕ ਅਪਮਾਨਜਨਕ ਅਤੇ ਹਨੇਰਾ ਫੈਲਾਉਣ ਵਾਲਾ ਸੰਕੇਤ ਹੈ ਕਿ ਚੀਜ਼ਾਂ ਗਲਤ ਹੋ ਰਹੀਆਂ ਹਨ।
ਯੂ. ਕੇ. ’ਚ ਰੂਸ ਦੇ ਤਿੰਨ ਅਮੀਰਾਂ ਦੀ ਜਾਇਦਾਦ ਹੋਵੇਗੀ ਜ਼ਬਤ
ਜਾਨਸਨ ਨੇ ਸੰਸਦ ਨੂੰ ਦੱਸਿਆ ਕਿ ਰੂਸ ਦੇ ਖ਼ਿਲਾਫ਼ ਇਹ ਕਾਰਵਾਈ ਦੀ ਪਹਿਲੀ ਕਿਸ਼ਤ ਹੈ। ਜਾਨਸਨ ਨੇ ਤਿੰਨ ਉੱਚੀਆਂ ਨੇਟਵਰਥ ਵਾਲੇ ਲੋਕਾਂ ’ਤੇ ਪਾਬੰਦੀ ਬਾਰੇ ਵਿਚ ਦੱਸਿਆ ਕਿ ਯੂ. ਕੇ. ਵਿਚ ਉਨ੍ਹਾਂ ਦੀ ਕੋਈ ਵੀ ਜਾਇਦਾਦ ਜ਼ਬਤ ਕਰ ਲਈ ਜਾਏਗੀ ਅਤੇ ਸਬੰਧਤ ਵਿਅਕਤੀਆਂ 'ਤੇ ਇਥੇ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਜਾਏਗੀ। ਉਨ੍ਹਾਂ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਰੂਸ ਪੂਰਬੀ ਯੂਕ੍ਰੇਨ ਵਿਚ ਦੋ ਵੱਖ-ਵੱਖ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦੇਣ ਜਾ ਰਿਹਾ ਹੈ। ਜਾਨਸਨ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਟੇਨ ਵਲੋਂ ਤਿਆਰ ਕੀਤੀਆਂ ਗਈਆਂ ਪਾਬੰਦੀਆਂ ਦਾ ਪੂਰਾ ਪੈਕੇਜ ਨਹੀਂ ਲਗਾਇਆ, ਕਿਉਂਕਿ ਰੂਸ ਨੇ ਅਜੇ ਤੱਕ ਨਵੇਂ ਪ੍ਰਭਸੱਤਾ ਯੂਕ੍ਰੇਨੀ ਖੇਤਰ ’ਤੇ ਹਮਲਾ ਨਹੀਂ ਕੀਤਾ ਹੈ, ਸਗੋਂ ਇਸਦੀ ਥਾਂ ਸਵੈ-ਐਲਾਨੇ ਗਣਰਾਜਾਂ ਨੂੰ ਮਾਨਤਾ ਦਿੱਤੀ ਹੈ ਜੋ ਰੂਸੀ ਸਮਰਥਿਤ ਕੰਟਰੋਲ ਵਿਚ ਹਨ।
ਇਹ ਵੀ ਪੜ੍ਹੋ: ਯੂਕ੍ਰੇਨ 'ਚ 20,000 ਤੋਂ ਵੱਧ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦਾ ਅਹਿਮ ਬਿਆਨ ਆਇਆ ਸਾਹਮਣੇ
ਫਰਾਂਸ ਨੇ ਵੀ ਕੀਤੀ ਹੈ ਪਾਬੰਦੀ ਲਗਾਉਣ ਦੀ ਮੰਗ
ਯੂਰਪ ਦੇ ਸਭ ਤੋਂ ਜ਼ਿਆਦਾ ਤਾਕਤਵਰ ਦੇਸ਼ਾਂ ਵਿਚ ਸ਼ਾਮਲ ਫਰਾਂਸ ਅਤੇ ਜਰਮਨੀ ਨੇ ਪੂਰਬੀ ਯੂਕ੍ਰੇਨ ਵਿਚ ਰੂਸੀ ਫੌਜੀਆਂ ਦੇ ਦਾਖ਼ਲ ਹੋਣ ਤੋਂ ਬਾਅਦ ਰੂਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਫਰਾਂਸੀਸੀ ਰਾਸ਼ਟਰਪਤੀ ਨੇ ਯੂਰਪੀ ਸੰਘ ਤੋਂ ਰੂਸ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਐਮਨੁਏਲ ਮੈਕਰੋਨ ਨੇ ਯੂਕ੍ਰੇਨ ਦੇ ਦੋ ਪੂਰਬੀ ਵੱਖਵਾਦੀ ਖੇਤਰਾਂ ਨੂੰ ਆਜ਼ਾਦ ਮੰਨਣ ਦੇ ਕ੍ਰੇਮਲਿਨ ਦੇ ਕਦਮ ਦੀ ਨਿੰਦਾ ਕੀਤੀ ਹੈ ਅਤੇ ਯੂਰਪੀ ਸੰਘ ਤੋਂ ਮਾਸਕੋ ਦੇ ਖ਼ਿਲਾਫ਼ ਨਵੀਆਂ ਪਾਬੰਦੀਆਂ ’ਤੇ ਸਹਿਮਤ ਹੋਣ ਦੀ ਅਪੀਲ ਕੀਤੀ ਹੈ। ਫਰਾਂਸੀਸੀ ਰਾਸ਼ਟਰਪਤੀ ਭਵਨ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਮੈਕਰੋਨ ਇਸ ਫ਼ੈਸਲੇ ਦੀ ਨਿੰਦਾ ਕਰਦੇ ਹਨ, ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਐਮਰਜੈਂਸੀ ਮੀਟਿੰਗ ਅਤੇ ਯੂਰਪੀ ਪਾਬੰਦੀਆਂ ਨੂੰ ਅਪਨਾਉਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਅਮਰੀਕਾ ਇਸ ਸਾਲ ਭਾਰਤੀਆਂ ਨੂੰ ਜਾਰੀ ਕਰੇਗਾ ਵਧੇਰੇ ਗ੍ਰੀਨ ਕਾਰਡ
ਅਮਰੀਕਾ ਨੇ ਵੀ ਦਿੱਤੀ ਹੈ ਚਿਤਾਵਨੀ
ਵੱਖਵਾਦੀ ਖੇਤਰਾਂ ਡੋਨੇਟ੍ਰਸਕ ਅਤੇ ਲੁਗਾਂਸਕ ਨੂੰ ਵੱਖਰਾ ਆਜ਼ਾਦ ਸੂਬਾ ਐਲਾਨ ਕਰਨ ਦੇ ਫ਼ੈਸਲੇ ਤੋਂ ਬਾਅਦ ਅਮਰੀਕਾ ਨੇ ਰੂਸ ’ਤੇ ਵੱਡੀ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਨੇ ਵੀ ਪੂਰਬੀ ਯੂਕ੍ਰੇਨ ਵਿਚ ਬਾਗੀ ਖੇਤਰਾਂ ਦੇ ਖ਼ਿਲਾਫ਼ ਵਿੱਤੀ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਨੂੰ ਰੂਸੀ ਰਾਸ਼ਟਰਪਤੀ ਨੇ ਇਕ ਭਾਸ਼ਣ ਦੌਰਾਨ ਆਜ਼ਾਦ ਸੂਬਿਆਂ ਦੇ ਤੌਰ ’ਤੇ ਮਾਨਤਾ ਦਿੱਤੀ ਹੈ। ਇਸਦੇ ਨਾਲ ਹੀ ਅਮਰੀਕਾ ਨੇ ਕਿਹਾ ਹੈ ਕਿ ਜੇਕਰ ਰੂਸ ਅਗਲਾ ਕਦਮ ਚੁੱਕਦਾ ਹੈ ਤਾਂ ਫਿਰ ਰੂਸ ਦੇ ਖ਼ਿਲਾਫ਼ ਹੋਰ ਵੀ ਪਾਬੰਦੀਆਂ ਦਾ ਐਲਾਨ ਕੀਤਾ ਜਾਏਗਾ। ਉਥੇ ਪੂਰਬੀ ਯੂਕ੍ਰੇਨ ਵਿਚ ਰੂਸੀ ਫੌਜੀਆਂ ਦੇ ਦਾਖ਼ਲੇ ਤੋਂ ਬਾਅਦ ਹੁਣ ਮਹਾਜੰਗ ਦੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: UNSC ’ਚ ਬੋਲਿਆ ਭਾਰਤ, ਯੂਕ੍ਰੇਨ-ਰੂਸ ਦੀ ਸਰਹੱਦ ’ਤੇ ਵਧਦਾ ਤਣਾਅ ਗੰਭੀਰ ਚਿੰਤਾ ਦਾ ਵਿਸ਼ਾ
ਜਰਮਨੀ ਨੇ ਵੀ ਕੱਢੀ ਰੂਸ ’ਤੇ ਭੜਾਸ
ਯੂਕ੍ਰੇਨ ਵਿਚ ਰੂਸ ਦੇ ਘੁਸਪੈਠ ਸਬੰਧੀ ਜਰਮਨੀ ਨੇ ਬਹੁਤ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਜਰਮਨੀ ਨੇ ਕਿਹਾ ਹੈ ਕਿ ਰੂਸ ਨੇ ਕੌਮਾਂਤਰੀ ਵਾਅਦਿਆਂ ਨੂੰ ਤੋੜਨ ਦਾ ਕੰਮ ਕੀਤਾ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਏਨਾਲੇਨਾ ਬਾਰਵਾਕ ਨੇ ਕਿਹਾ ਕਿ ਰੂਸ ਪੂਰਬੀ ਯੂਕ੍ਰੇਨ ਵਿਚ ਬਾਗੀਆਂ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਆਜ਼ਾਦ ਦੇ ਰੂਪ ਵਿਚ ਮਾਨਤਾ ਦੇ ਕੇ ਗਲੋਬਲ ਭਾਈਚਾਰੇ ਨਾਲ ਕੀਤੇ ਗਏ ਆਪਣੇ ਵਾਅਦਿਆਂ ਨੂੰ ਤੋੜ ਚੁੱਕਾ ਹੈ ਅਤੇ ਦੁਨੀਆ ਦੇ ਸਾਹਮਣੇ ਰੂਸ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਜਰਮਨੀ ਵਲੋਂ ਮਿੰਸਕਕ ਸਮਝੌਤੇ ਦਾ ਜ਼ਿਕਰ ਕਰਦੇ ਹੋਏ ਰੂਸ ’ਤੇ ਗਲੋਬਲ ਭਾਈਚਾਰੇ ਨਾਲ ਕੀਤੇ ਗਏ ਵਾਅਦਿਆਂ ਨੂੰ ਤੋੜਨ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ: ਬੁਰਕੀਨਾ ਫਾਸੋ ’ਚ ਸੋਨੇ ਦੀ ਖਾਨ ਨੇੜੇ ਧਮਾਕਾ, 59 ਲੋਕਾਂ ਦੀ ਮੌਤ
ਜਾਪਾਨ ਕਰ ਰਿਹੈ ਗੰਭੀਰ ਕਾਰਵਾਈ ’ਤੇ ਵਿਚਾਰ
ਉਥੇ, ਯੂਕ੍ਰੇਨ ਸੰਕਟ ਸਬੰਧੀ ਰੂਸ ਦੇ ਖ਼ਿਲਾਫ਼ ਜਾਪਾਨ ਵੀ ਖੜਾ ਹੋ ਗਿਆ ਹੈ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਯੋ ਕਿਸ਼ਿਦਾ ਨੇ ਯੂਕ੍ਰੇਨ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਦੀ ਉਲੰਘਣਾ ਲਈ ਰੂਸ ਦੀ ਸਖ਼ਤ ਨਿੰਦਾ ਕੀਤੀ ਹੈ। ਜਾਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਪਾਨ ਕੌਮਾਂਤਰੀ ਭਾਈਚਾਰਿਆਂ ਨਾਲ ਮਿਲਕੇ ਰੂਸ ਦੇ ਖ਼ਿਲਾਫ਼ ਗੰਭੀਰ ਕਾਰਵਾਈ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਵੀ ਮੰਗਲਵਾਰ ਨੂੰ ਕਿਹਾ ਹੈ ਕਿ ਜੋ ਜੀ-7 ਸਮੂਲ ਲੋਕਤਾਂਤਰਿਕ ਮੁੱਲਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਦਾ ਹੈ ਅਤੇ ਦੁਨੀਆ ਵਿਚ ਕਾਨੂੰਨ ਦੇ ਰਾਜ ਸਬੰਧੀ ਜੀ-7 ਇਕਜੁੱਟ ਹਨ ਅਤੇ ਕੌਮਾਂਤਰੀ ਭਾਈਚਾਰੇ ਦੀ ਅਗਵਾਈ ਕਰਦਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।