ਯੂਕੇ: ਕੋਰੋਨਾਵਾਇਰਸ ਟੀਕਾਕਰਨ ਦੇ ਪਹਿਲੇ ਹਫ਼ਤੇ ਦੌਰਾਨ ਲਗਾਏ ਗਏ 130,000 ਤੋਂ ਵੱਧ ਟੀਕੇ
Thursday, Dec 17, 2020 - 04:26 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾਵਾਇਰਸ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਹਫ਼ਤੇ ਦੌਰਾਨ ਤਕਰੀਬਨ 1,40,000 ਦੇ ਨੇੜੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਵੈਕਸੀਨ ਰੋਲਆਉਟ ਦੇ ਇੰਚਾਰਜ ਮੰਤਰੀ ਨਾਧਿਮ ਜ਼ਹਾਵੀ ਨੇ ਟਵੀਟ ਨਾਲ ਜਾਣਕਾਰੀ ਦਿੱਤੀ ਕਿ 8 ਤੋਂ 15 ਦਸੰਬਰ ਦਰਮਿਆਨ ਲੱਗਭਗ 137,897 ਲੋਕਾਂ ਨੂੰ ਫਾਈਜ਼ਰ/ਬਾਇਓਨਟੈਕ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।
ਇਸ ਸਮੇਂ ਦੌਰਾਨ ਇੰਗਲੈਂਡ ਵਿੱਚ 108,000, ਵੇਲਜ਼ 'ਚ 7,897, ਉੱਤਰੀ ਆਇਰਲੈਂਡ 4,000 ਅਤੇ ਸਕਾਟਲੈਂਡ ਵਿੱਚ 18,000 ਦੇ ਲੱਗਭਗ ਟੀਕੇ ਲਗਾਏ ਗਏ ਹਨ। ਜਿਆਦਾ ਲੋਕਾਂ ਨੂੰ ਟੀਕਾ ਲਗਾਉਣ ਲਈ 200 ਦੇ ਕਰੀਬ ਸਥਾਨਕ ਟੀਕਾਕਰਨ ਕਲੀਨਿਕ ਹਫ਼ਤੇ ਦੇ ਅੰਤ ਤੱਕ ਚਾਲੂ ਹੋਣ ਦੀ ਉਮੀਦ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਤਕਰੀਬਨ 1000 ਹੋਰਾਂ ਦੀ ਵਿਵਸਥਾ ਹੋਵੇਗੀ। ਸਰਕਾਰ ਸਿਹਤ ਸਮੱਸਿਆਵਾਂ ਵਾਲੇ 50 ਸਾਲ ਤੋਂ ਵੱਧ ਅਤੇ ਛੋਟੇ ਬਾਲਗਾਂ ਲਈ ਟੀਕਾਕਰਨ ਪੇਸ਼ ਕਰਨਾ ਚਾਹੁੰਦੀ ਹੈ ਪਰ ਰਾਸ਼ਟਰੀ ਆਡਿਟ ਦਫਤਰ ਮੁਤਾਬਕ, ਟੀਕੇ ਦੀ ਢੋਆ-ਢੁਆਈ ਦੀਆਂ ਚੁਣੌਤੀਆਂ ਅਜੇ ਬਾਕੀ ਹਨ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਕੋਰੋਨਾ ਖਿਲਾਫ਼ ਅਗਲੇ ਸਾਲ ਸ਼ੁਰੂ ਹੋਵੇਗਾ ਟੀਕਾਕਰਨ
ਇੱਕ ਅਨੁਮਾਨ ਟੀਕਾਕਰਨ ਪ੍ਰੋਗਰਾਮ ਵਿੱਚ ਟੀਕੇ ਦੇ ਨਿਰਮਾਣ, ਖਰੀਦਦਾਰੀ ਅਤੇ ਸਪਲਾਈ ਆਦਿ ਲਈ 12 ਬਿਲੀਅਨ ਪੌਂਡ ਤੱਕ ਦੀ ਲਾਗਤ ਆ ਸਕਦੀ ਹੈ। ਟੀਕਾਕਰਨ ਦੇ ਪਹਿਲੇ ਹਫ਼ਤੇ ਦੌਰਾਨ, 70 ਤੋਂ ਵੱਧ ਹਸਪਤਾਲਾਂ ਨੇ ਟੀਕਾਕਰਨ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ 10 ਹੋਰ ਇਸ ਹਫਤੇ ਸ਼ੁਰੂਆਤ ਕਰਨਗੇ। ਇਸ ਪ੍ਰਕਿਰਿਆ ਸੰਬੰਧੀ ਜਹਾਵੀ ਨੇ ਦੱਸਿਆ ਕਿ ਇਹ ਅੰਕੜੇ ਆਰਜ਼ੀ ਹਨ ਅਤੇ ਉਪਲਬਧ ਅੰਕੜੇ ਅਗਲੇ ਹਫ਼ਤੇ ਤੋਂ ਪ੍ਰਕਾਸ਼ਿਤ ਹੋਣਗੇ।