ਬ੍ਰਿਟੇਨ ''ਚ ਪਾਕਿਸਤਾਨੀ ਗੈਂਗ ਦੇ ਨਿਸ਼ਾਨੇ ''ਤੇ ਸਿੱਖ ਕੁੜੀਆਂ : ਰਿਪੋਰਟ
Monday, Nov 26, 2018 - 04:53 PM (IST)
ਬ੍ਰਿਟੇਨ (ਬਿਊਰੋ)— ਬ੍ਰਿਟੇਨ ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨੀ ਨੌਜਵਾਨਾਂ ਵੱਲੋਂ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਿਲਸਿਲਾ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਬ੍ਰਿਟੇਨ ਦੀ ਸਿੱਖ ਪੁਨਰਵਾਸ ਚੈਰਿਟੀ ਦੀ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿਆਸੀ ਕਾਰਨਾਂ ਕਾਰਨ ਬ੍ਰਿਟੇਨ ਪੁਲਸ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਹੈ।
ਰਿਪੋਰਟ ਵਿਚ ਸਾਫ ਕਿਹਾ ਗਿਆ ਹੈ ਕਿ ਬ੍ਰਿਟੇਨ ਵਿਚ ਸਰਗਰਮ ਪਾਕਿਸਤਾਨੀ ਗੈਂਗ ਵੱਲੋਂ ਸਿੱਖ ਔਰਤਾਂ ਦਾ ਯੌਨ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਰਿਪੋਰਟ ਦਾ ਦਾਅਵਾ ਹੈ ਕਿ ਕੁੜੀਆਂ ਨੂੰ ਆਕਰਸ਼ਿਤ ਕਰਨ ਲਈ ਸਿੱਖ ਬਹੁ ਗਿਣਤੀ ਖੇਤਰਾਂ ਜਾਂ ਸਕੂਲਾਂ ਵਿਚ ਗੈਂਗ ਦੇ ਮੈਂਬਰ ਸ਼ਾਨਦਾਰ ਕੱਪੜਿਆਂ ਪਾਉਂਦੇ ਹਨ ਅਤੇ ਮਹਿੰਗੀਆਂ ਗੱਡੀਆਂ ਵਿਚ ਘੁੰਮਦੇ ਹਨ। ਉਨ੍ਹਾਂ ਦੇ ਨਿਸ਼ਾਨੇ 'ਤੇ ਸਿੱਖ ਕੁੜੀਆਂ ਹੁੰਦੀਆਂ ਹਨ। ਸਿੱਖ ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਾਲ 1960 ਦੇ ਦਹਾਕੇ ਵਿਚ ਸ਼ੁਰੂ ਹੋਈ ਸੀ ਪਰ ਸਾਲ 2012 ਵਿਚ ਇਸ ਗੈਂਗ ਦਾ ਪਰਦਾਫਾਸ਼ ਹੋਇਆ।
ਰਿਪੋਰਟ ਦਾ ਕਹਿਣਾ ਹੈ ਕਿ ਇਸ ਵਿਚ ਕਿਸੇ ਵੀ ਸ਼ਖਸ, ਭਾਈਚਾਰੇ, ਸੱਭਿਆਚਾਰ ਜਾਂ ਵਿਸ਼ਵਾਸ ਨੂੰ ਸੱਟ ਨਹੀਂ ਪਹੁੰਚਾਈ ਗਈ ਪਰ ਜੋ ਤੱਥ ਹਨ ਉਹ ਸਾਰਿਆਂ ਸਾਹਮਣੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸੱਚ ਨੂੰ ਸਮਝੇ ਬਿਨਾਂ ਇਸ ਦਾ ਹੱਲ ਸੰਭਵ ਨਹੀਂ। ਬ੍ਰਿਟੇਨ ਦੀ ਲੇਬਰ ਪਾਰਟੀ ਦੀ ਇਕ ਮਹਿਲਾ ਸੰਸਦ ਮੈਂਬਰ ਸਾਰਾ ਦਾ ਕਹਿਣਾ ਹੈ ਕਿ ਮੈਂ ਜਦੋਂ ਇਸ ਘਟਨਾ ਬਾਰੇ ਪਹਿਲੀ ਵਾਰ ਸੁਣਿਆ ਤਾਂ ਮੈਨੂੰ ਵਿਸ਼ਵਾਸ ਨਹੀਂ ਹੋਇਆ। ਉਸ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਪਾਕਿਸਤਾਨੀ ਪੁਰਸ਼ਾਂ ਵੱਲੋਂ ਸਿੱਖ ਕੁੜੀਆਂ ਨਾਲ ਸੰਗਠਿਤ ਦੁਰਵਿਵਹਾਰ ਦੀ ਘਟਨਾ ਨਿੰਦਾਯੋਗ ਹੈ। ਸਾਰਾ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਦਹਾਕਿਆਂ ਤੋਂ ਸਿੱਖ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਬਾਰੇ ਸਿੱਖ ਔਰਤਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਤੋਂ ਮੁਕਤ ਹੋਣਾ ਹੋਵੇਗਾ। ਸਿੱਖ ਕੁੜੀਆਂ 'ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣਾ ਯਕੀਨੀ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਾਮਲਾ ਗੰਭੀਰ ਹੈ । ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਇਕ ਅੰਗਰੇਜ਼ੀ ਅਖਬਾਰ ਨੇ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਬ੍ਰਿਟੇਨ ਤੋਂ ਬਾਹਰ ਸਿੱਖ ਔਰਤਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਵਿਚ ਇਸ ਗੱਲ ਦੀ ਜਾਂਚ ਕੀਤੀ ਗਈ ਕੀ ਬ੍ਰਿਟੇਨ ਦੇ ਬਾਹਰ ਸਿੱਖ ਔਰਤਾਂ ਨਾਲ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਹੋਈਆਂ ਹਨ। ਇਸ ਅਧਿਐਨ ਵਿਚ ਸਾਲ 1970 ਦੇ ਦਹਾਕੇ ਤੋਂ ਪਹਿਲਾਂ ਦੀ ਇਕ ਭਾਰਤੀ ਘਟਨਾ ਦਾ ਜ਼ਿਕਰ ਕੀਤਾ ਗਿਆ। ਇਸ ਵਿਚ ਇਕ ਸਿੱਖ ਕੁੜੀ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਇਲਾਵਾ ਸਾਲ 1980 ਦੇ ਦਹਾਕੇ ਦੀ ਉਸ ਘਟਨਾ ਦਾ ਵੀ ਜ਼ਿਕਰ ਹੈ ਕਿ ਇਕ ਸਿੱਖ ਕੁੜੀ ਨਾਲ ਛੇੜਛਾੜ ਕੀਤੀ ਗਈ। ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਸਿੱਖ ਭਾਈਚਾਰੇ ਨੇ ਮੁਸਲਮਾਨ ਨੌਜਵਾਨਾਂ ਵਿਰੁੱਧ ਛੇੜਛਾੜ ਦੀਆਂ ਘਟਨਾਵਾਂ ਦਰਜ ਕਰਵਾਈਆਂ ਹਨ।