ਯੂਕੇ ਦੀਆਂ ਪਹਿਲੀਆਂ ਬਿਨਾਂ ਡਰਾਈਵਰ ਵਾਲੀਆਂ ਬੱਸਾਂ ਸਕਾਟਲੈਂਡ ਦੀ ਰਾਜਧਾਨੀ ''ਚ ਹੋਈਆਂ ਸ਼ੁਰੂ
Tuesday, May 16, 2023 - 12:17 PM (IST)

ਗਲਾਸਗੋ/ਐਡਿਨਬਰਾ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੀਆਂ ਪਹਿਲੀਆਂ ਪੂਰੇ ਆਕਾਰ ਦੀਆਂ ਡਰਾਈਵਰ ਰਹਿਤ ਬੱਸਾਂ ਨੇ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿੱਚ ਯਾਤਰੀਆਂ ਦੀ ਸੇਵਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਟੇਜਕੋਚ ਦੁਆਰਾ ਸੰਚਾਲਿਤ ਇਹ ਵਾਹਨ, ਫੋਰਥ ਰੋਡ ਬ੍ਰਿਜ ਦੇ ਪਾਰ ਫੈਰੀਟੋਲ ਪਾਰਕ ਤੋਂ ਐਡਿਨਬਰਗ ਪਾਰਕ ਸਟੇਸ਼ਨ ਤੱਕ ਚੱਲਦੇ ਹਨ। "ਡਰਾਈਵਰ ਰਹਿਤ" ਨਾਮ ਦੇ ਬਾਵਜੂਦ ਬੱਸਾਂ ਵਿੱਚ ਦੋ ਕਰਮਚਾਰੀ ਮੌਜੂਦ ਰਹਿੰਦੇ ਹਨ। ਇੱਕ ਟੈਕਨਾਲੋਜੀ ਦੀ ਨਿਗਰਾਨੀ ਕਰਨ ਲਈ ਡਰਾਈਵਰ ਦੀ ਸੀਟ 'ਤੇ ਬੈਠੇਗਾ ਅਤੇ ਇੱਕ ਸਵਾਰੀਆਂ ਨੂੰ ਸਵਾਰ ਹੋਣ ਅਤੇ ਟਿਕਟਾਂ ਖਰੀਦਣ ਵਿੱਚ ਮਦਦ ਕਰੇਗਾ।
ਸਟੇਜਕੋਚ ਦਾ ਕਹਿਣਾ ਹੈ ਕਿ ਪੰਜ ਸਿੰਗਲ-ਡੈਕਰ ਬੱਸਾਂ ਪ੍ਰਤੀ ਹਫ਼ਤੇ ਲਗਭਗ 10,000 ਯਾਤਰੀਆਂ ਦੀ ਢੋਅ-ਢੁਆਈ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਇਹਨਾਂ ਡਰਾਈਵਰ ਰਹਿਤ ਬੱਸਾਂ ਵਿੱਚ ਸੈਂਸਰ ਲੱਗੇ ਹੋਏ ਹਨ ਜੋ ਉਹਨਾਂ ਨੂੰ 14-ਮੀਲ ਦੇ ਰੂਟ 'ਤੇ ਪਹਿਲਾਂ ਤੋਂ ਚੁਣੀਆਂ ਸੜਕਾਂ 'ਤੇ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਫ਼ਰ ਕਰਨ ਦੇ ਯੋਗ ਬਣਾਉਂਦੇ ਹਨ। ਏਬੀ-1 ਬੱਸ ਸੇਵਾ ਬ੍ਰਿਟੇਨ ਵਿੱਚ ਪਹਿਲਾ ਰਜਿਸਟਰਡ ਬੱਸ ਰੂਟ ਹੈ। ਇਹ ਪ੍ਰੋਜੈਕਟ ਸੀਏਵੀ-ਫੋਰਥ ਦਾ ਹਿੱਸਾ ਹੈ, ਜੋ ਸਟੇਜਕੋਚ ਦੁਆਰਾ ਚਲਾਇਆ ਜਾਂਦਾ ਹੈ ਅਤੇ ਬ੍ਰਿਟਿਸ਼ ਸਰਕਾਰ ਦੁਆਰਾ ਇਸਦਾ ਫੰਡ ਰਾਹੀਂ ਸਹਿਯੋਗ ਕੀਤਾ ਜਾਂਦਾ ਹੈ। ਸਟੇਜਕੋਚ ਨੇ ਫਿਊਜਨ ਪ੍ਰੋਸੈਸਿੰਗ ਲਿਮਟਿਡ ਅਤੇ ਪ੍ਰੋਜੈਕਟ ਪਾਰਟਨਰ ਟ੍ਰਾਂਸਪੋਰਟ ਸਕਾਟਲੈਂਡ, ਅਲੈਗਜ਼ੈਂਡਰ ਡੇਨਿਸ, ਐਡਿਨਬਰਗ ਨੇਪੀਅਰ ਯੂਨੀਵਰਸਿਟੀ ਅਤੇ ਬ੍ਰਿਸਟਲ ਨਾਲ ਰਲ ਕੇ ਕੰਮ ਕੀਤਾ ਹੈ। ਅਲੈਗਜ਼ੈਂਡਰ ਡੈਨਿਸ ਐਨਵੀਰੋ 200ਏਵੀ ਬੱਸਾਂ ਗੁੰਝਲਦਾਰ ਟ੍ਰੈਫਿਕ ਜਿਵੇਂ ਕਿ ਗੋਲ ਚੌਂਕਾਂ, ਟ੍ਰੈਫਿਕ ਲਾਈਟਾਂ ਅਤੇ ਮੋਟਰਵੇਅ ਲੇਨਾਂ ਵਿਚਕਾਰ ਚੱਲਣ ਦੇ ਕਾਬਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਲਬਰਟਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਪੀ.ਐੱਮ. ਟਰੂਡੋ ਨੇ ਖੇਤਰ ਦਾ ਕੀਤਾ ਦੌਰਾ (ਤਸਵੀਰਾਂ)
ਇਸ ਪ੍ਰੋਜੈਕਟ ਅਧੀਨ ਸਟੇਜਕੋਚ ਈਸਟ ਸਕਾਟਲੈਂਡ ਵਿੱਚ ਕੰਮ ਕਰਦੇ ਡਰਾਈਵਰਾਂ ਦੀ ਟੀਮ ਵਿੱਚੋਂ ਹੀ 20 ਸਟਾਫ ਮੈਂਬਰਾਂ ਦੀ ਭਰਤੀ ਕੀਤੀ ਹੈ। ਸਟੇਜਕੋਚ ਯੂਕੇ ਦੀ ਮੈਨੇਜਿੰਗ ਡਾਇਰੈਕਟਰ ਕਾਰਲਾ ਸਟਾਕਟਨ-ਜੋਨਸ ਨੇ ਕਿਹਾ ਕਿ "ਅਸੀਂ ਪੂਰਬੀ ਸਕਾਟਲੈਂਡ ਵਿੱਚ ਯੂਕੇ ਦੀ ਪਹਿਲੀ ਡਰਾਈਵਰ ਰਹਿਤ ਬੱਸ ਫਲੀਟ ਨੂੰ ਪੇਸ਼ ਕਰ ਕੇ ਬੇਹੱਦ ਖੁਸ਼ ਤੇ ਉਤਸ਼ਾਹਿਤ ਹਾਂ। ਸਾਨੂੰ ਸਭ ਤੋਂ ਅੱਗੇ ਹੋਣ 'ਤੇ ਮਾਣ ਹੈ। ਆਵਾਜਾਈ ਸਾਧਨਾਂ ਨੂੰ ਨਵੀਂ ਤਕਨੀਕ ਨਾਲ ਜੋੜਨਾ ਇੱਕ ਮਹੱਤਵਪੂਰਨ ਮੀਲ ਪੱਥਰ ਹੈ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।