ਯੂਕੇ : ''ਰਾਇਲ ਕਨਜ਼ਰਵੇਟਾਇਰ ਆਫ ਸਕਾਟਲੈਂਡ'' ਬਣਿਆ ਦੁਨੀਆ ਦਾ ਤੀਜਾ ਸਰਬੋਤਮ ਕਲਾ ਸਕੂਲ

03/04/2021 2:07:19 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਇੱਕ ਕਲਾ ਸਕੂਲ ਨੇ 170 ਸਾਲਾਂ ਤੋਂ ਵੱਧ ਸਮੇਂ ਦੌਰਾਨ ਉੱਭਰਦੇ ਹੋਏ ਕਲਾਕਾਰਾਂ ਨੂੰ ਕਲਾ ਦੀ ਸਿੱਖਿਆ ਦਿੱਤੀ ਹੈ। 'ਰਾਇਲ ਕਨਜ਼ਰਵੇਟਾਇਰ ਆਫ ਸਕਾਟਲੈਂਡ' ਨੂੰ ਲੰਬੇ ਸਮੇਂ ਤੋਂ ਯੂਕੇ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਲਾ ਸਕੂਲ ਵਜੋਂ ਜਾਣਿਆ ਜਾਂਦਾ ਹੈ ਅਤੇ ਹੁਣ ਗਲਾਸਗੋ ਸਥਿਤ ਇਹ ਸੰਸਥਾ ਪੂਰੀ ਦੁਨੀਆ ਵਿੱਚ ਕਲਾਤਮਕ ਸਿਖਲਾਈ ਪ੍ਰਦਾਨ ਕਰਨ ਲਈ ਦੁਨੀਆਂ ਭਰ ਵਿੱਚੋਂ ਤੀਜੇ ਨੰਬਰ 'ਤੇ ਸਾਹਮਣੇ ਆਈ ਹੈ। 

ਇਸ ਕਲਾ ਸੰਸਥਾ ਦਾ ਨਾਮ ਕਿਊ ਐੱਸ ਵਰਲਡ ਯੂਨੀਵਰਸਿਟੀ ਵੱਲੋਂ ਕੀਤੀ ਗਈ 2021 ਦੀ ਰੈਂਕਿੰਗ ਵਿੱਚ ਨਿਊਯਾਰਕ ਦੇ ਮਸ਼ਹੂਰ ਜੁਲੀਅਰਡ ਸਕੂਲ ਅਤੇ ਲੰਡਨ ਦੇ ਰਾਇਲ ਕਾਲਜ ਆਫ਼ ਮਿਊਜ਼ਿਕ ਦੇ ਨਾਲ ਸਾਹਮਣੇ ਆਇਆ ਹੈ।1847 ਵਿੱਚ ਸਥਾਪਿਤ ਇਸ ਕਲਾ ਸੰਸਥਾ ਦੀ ਸ਼ੁਰੂਆਤ ਗਲਾਸਗੋ ਐਥਨੀਅਮ ਵਜੋਂ ਕੀਤੀ ਗਈ ਸੀ ਅਤੇ ਇਸ ਨੂੰ ਚਾਰਲਸ ਡਿਕਨਜ਼ ਦੁਆਰਾ ਖੋਲ੍ਹਿਆ ਗਿਆ ਸੀ। ਪਹਿਲੇ 39 ਸਾਲਾਂ ਲਈ ਇਸ ਨੇ ਸੰਗੀਤ ਦੀਆਂ ਕਲਾਸਾਂ ਦੀ ਪੇਸ਼ਕਸ਼ ਕੀਤੀ ਜਦਕਿ ਡਰਾਮਾ ਨੂੰ ਇਸ ਦੇ ਪਾਠਕ੍ਰਮ ਵਿੱਚ 1886 'ਚ ਜੋੜਿਆ ਗਿਆ। 

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਪ੍ਰਮਿਲਾ ਜੈਪਾਲ ਸੰਸਦ ਦੀ ਮਹੱਤਵਪੂਰਨ ਉਪ ਕਮੇਟੀ ਦੀ ਉਪ ਚੇਅਰਮੈਨ ਨਿਯੁਕਤ

ਇਹ ਸਕੂਲ ਹੁਣ ਸੰਗੀਤ, ਡਰਾਮਾ, ਡਾਂਸ, ਨਿਰਮਾਣ, ਫਿਲਮ ਅਤੇ ਸਿੱਖਿਆ ਦੀ ਸਿਖਲਾਈ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀ ਐਚ ਡੀ ਪੱਧਰ 'ਤੇ ਪੇਸ਼ ਕਰਦਾ ਹੈ। ਇਹ ਯੂਰਪ ਵਿੱਚ ਇਕੋ ਇੱਕ ਸੰਸਥਾ ਹੈ ਜਿਸ ਵਿੱਚ ਇੱਕ ਹੀ ਜਗ੍ਹਾ 'ਤੇ ਇਸ ਤਰ੍ਹਾਂ ਦੀਆਂ ਵਿਭਿੰਨ ਪ੍ਰਕਾਰ ਦੀਆਂ ਪ੍ਰਦਰਸ਼ਨਕਾਰੀ ਕਲਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ। ਕਿਊ ਐੱਸ ਵਰਲਡ ਯੂਨੀਵਰਸਿਟੀ ਵੱਲੋਂ ਇਸ ਰੈਂਕਿੰਗ ਵਿੱਚ 1,452 ਯੂਨੀਵਰਸਿਟੀਆਂ ਵਿੱਚੋਂ 14,000 ਤੋਂ ਵੱਧ ਯੂਨੀਵਰਸਿਟੀ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News