ਯੂਕੇ: ਨਦੀਆਂ ਕਿਨਾਰੇ ਚਲਦੇ ਪੱਬਾਂ, ਰੈਸਟੋਰੈਂਟਾਂ ਦੇ ਸਟਾਫ਼ ਨੂੰ ਦਿੱਤੀ ਜਾਵੇਗੀ ਲੋਕਾਂ ਨੂੰ ਡੁੱਬਣੋਂ ਬਚਾਉਣ ਦੀ ਸਿਖ਼ਲਾਈ
Saturday, May 01, 2021 - 05:20 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਹਰ ਸਾਲ ਕਈ ਲੋਕ ਨਦੀਆਂ ਵਿਚ ਡੁੱਬਣ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ। ਜਦਕਿ ਹੁਣ ਤਾਲਾਬੰਦੀ ਤੋਂ ਬਾਅਦ ਵਾਪਸ ਆ ਰਹੇ ਲੋਕਾਂ ਨੂੰ ਡੁੱਬਣ ਤੋਂ ਰੋਕਣ ਲਈ ਨਦੀਆਂ ਦੇ ਨਜ਼ਦੀਕ ਪੱਬਾਂ, ਕੈਫੇ ਅਤੇ ਹੋਰ ਥਾਵਾਂ 'ਤੇ ਕੰਮ ਕਰ ਰਹੇ ਲੋਕਾਂ ਨੂੰ ਵਿਸ਼ੇਸ਼ ਸਿਖ਼ਲਾਈ ਦਿੱਤੀ ਜਾਵੇਗੀ। ਇਸ ਮੰਤਵ ਲਈ ਰਾਇਲ ਨੈਸ਼ਨਲ ਲਾਈਫਬੋਟ ਸੰਸਥਾ (ਆਰ. ਐੱਨ. ਐੱਲ. ਆਈ.) ਦੁਆਰਾ ਅੱਗ ਬੁਝਾਊ ਅਮਲੇ ਦੇ ਕਾਮਿਆਂ ਨੂੰ ਸਿਖ਼ਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਕਾਰੋਬਾਰਾਂ ਵਿਚ ਜਾ ਕੇ ਸਟਾਫ਼ ਨੂੰ ਸਿਖਾ ਸਕਣ ਕਿ ਲੋਕਾਂ ਨੂੰ ਪਾਣੀ ਤੋਂ ਸੁਰੱਖਿਅਤ ਬਾਹਰ ਕਿਵੇਂ ਕੱਢਣਾ ਹੈ।
ਸਰਕਾਰ ਦੁਆਰਾ ਇਹ ਕਦਮ ਪਿਛਲੇ ਦਿਨੀਂ ਥੇਮਜ਼ ਨਦੀ ਵਿਚ ਡੁੱਬਣ ਕਾਰਨ 2 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪੁੱਟਿਆ ਗਿਆ ਹੈ। ਆਰ. ਐੱਨ ਐੱਲ. ਆਈ. ਪਹਿਲਾਂ ਹੀ ਛੋਟੇ ਕਾਰੋਬਾਰਾਂ ਨੂੰ ਪਾਣੀ ਤੋਂ ਸੁਰੱਖਿਆ ਬਾਰੇ ਦੱਸਦਾ ਹੈ ਪਰ ਹੁਣ ਫਾਇਰ ਬ੍ਰਿਗੇਡਾਂ ਨੂੰ ਪਬਲਿਕ ਅਤੇ ਹੋਰ ਪ੍ਰਾਹੁਣਚਾਰੀ ਵਾਲੇ ਕਾਰੋਬਾਰਾਂ ਦੇ ਮਾਲਕਾਂ ਨੂੰ ਜਾਗਰੂਕ ਕਰਨ ਦੀ ਇਕ ਸਾਂਝੀ ਕੋਸ਼ਿਸ਼ ਦੇ ਹਿੱਸੇ ਵਜੋਂ ਬੁਲਾ ਰਿਹਾ ਹੈ ਕਿ ਕਿਵੇਂ ਇਕ ਗਾਹਕ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਤਹਿਤ ਸੰਸਥਾ ਨੇ ਟਾਇਨ ਐਂਡ ਵੀਅਰ, ਸਾਊਥ ਵੇਲਜ਼, ਡੇਵੋਨ, ਸਮਰਸੈਟ ਅਤੇ ਹੈਮਪਸ਼ਾਇਰ ਵਿਚ ਫਾਇਰ ਬ੍ਰਿਗੇਡ ਸਟਾਫ਼ ਨਾਲ ਇਸ ਪ੍ਰਕਿਰਿਆ ਦੇ ਸੈਸ਼ਨ ਵੀ ਕੀਤੇ ਹਨ ਅਤੇ ਲੰਡਨ ਦੀ ਫਾਇਰ ਬ੍ਰਿਗੇਡ ਨੇ ਸੋਮਵਾਰ ਨੂੰ “ਟ੍ਰੇਨ ਟ੍ਰੇਨਰ” ਪ੍ਰੋਗਰਾਮ ਦੇ ਤਹਿਤ ਪਹਿਲਾ ਸੈਸ਼ਨ ਲਿਆ ਹੈ।
ਯੂਕੇ ਵਿਚ ਡੁੱਬਣ ਸਬੰਧੀ ਅੰਕੜਿਆਂ ਅਨੁਸਾਰ, ਹਰ ਸਾਲ ਬ੍ਰਿਟੇਨ ਵਿਚ ਔਸਤਨ 400 ਲੋਕ ਡੁੱਬਦੇ ਹਨ, ਜਿਹਨਾਂ ਵਿਚੋਂ ਬਹੁਤ ਸਾਰੇ ਤਿਲਕਣ ਜਾਂ ਪਾਣੀ ਵਿਚ ਡਿੱਗਣ ਤੋਂ ਬਾਅਦ ਅਤੇ ਕਿਸੇ ਵਿਅਕਤੀ ਜਾਂ ਕਿਸੇ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਡੁੱਬਦੇ ਹਨ। ਲੰਡਨ ਵਿਚ ਫਾਇਰ ਬ੍ਰਿਗੇਡ ਨੇ ਦੱਸਿਆ ਕਿ 2017 ਤੋਂ ਪਾਣੀ ਵਿਚ 430 ਲੋਕਾਂ ਲਈ ਬਚਾਅ ਕਾਰਜ ਕੀਤੇ ਗਏ ਹਨ, ਜਿਸ ਵਿਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।