ਬਰਮਿੰਘਮ ਦੇ ਇਸ ਪ੍ਰਾਇਮਰੀ ਸਕੂਲ ''ਚ ਬੋਲੀਆਂ ਜਾਂਦੀਆਂ ਹਨ 31 ਵੱਖ-ਵੱਖ ਭਾਸ਼ਾਵਾਂ

Thursday, May 27, 2021 - 03:29 PM (IST)

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਦੁਨੀਆ ਦੇ ਹਰ ਇੱਕ ਕੋਨੇ ਤੋਂ ਆ ਕੇ ਲੋਕ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਇਸ ਲਈ ਇੱਥੋਂ ਦੇ ਸਮਾਜ ਵਿੱਚ ਵੱਖ ਵੱਖ ਧਰਮਾਂ, ਜਾਤਾਂ ਆਦਿ ਦੇ ਲੋਕ ਰਹਿੰਦੇ ਹਨ। ਅਜਿਹੇ ਹੀ ਵਿਭਿੰਨਤਾ ਵਾਲੇ ਸਮਾਜ ਵਿੱਚ ਇੱਕ ਸਕੂਲ ਵੀ ਅਜਿਹਾ ਹੈ, ਜਿੱਥੇ ਅਲੱਗ ਅਲੱਗ ਦੇਸ਼ਾਂ ਦੇ ਬੱਚੇ ਪੜ੍ਹਦੇ ਹਨ ਅਤੇ 31 ਵੱਖ ਵੱਖ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ। ਯੂਕੇ ਦੇ ਬਰਮਿੰਘਮ ਵਿੱਚ ਸੇਲੀ ਓਕ ਦੇ ਵਾਟਰ ਮਿੱਲ ਪ੍ਰਾਇਮਰੀ ਸਕੂਲ ਵਿੱਚ 31 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। 

ਇਸ ਸਕੂਲ ਦੇ ਹਾਲ ਵਿੱਚ ਵਿਸ਼ਵ ਭਰ ਤੋਂ ਆਏ ਹੋਏ ਬੱਚਿਆਂ ਦੀਆਂ ਫੋਟੋਆਂ ਦਾ ਬੋਰਡ ਬੜੇ ਮਾਣ ਨਾਲ ਲਗਾਇਆ ਹੋਇਆ ਹੈ। ਇਸ ਸਕੂਲ ਵਿੱਚ ਇਸ ਵੇਲੇ 30 ਵੱਖ-ਵੱਖ ਕੌਮੀਅਤਾਂ ਦੇ ਵਿਦਿਆਰਥੀ ਹਨ ਜੋ ਕਿ ਕੋਵਿਡ ਮਹਾਮਾਰੀ ਕਾਰਨ ਆਮ ਨਾਲੋਂ ਘੱਟ ਹੋ ਸਕਦੇ ਹਨ। ਇਸ ਸਕੂਲ ਦੇ ਅੰਤਰਰਾਸ਼ਟਰੀ ਹੋਣ ਦਾ ਕਾਰਨ ਬਰਮਿੰਘਮ ਯੂਨੀਵਰਸਿਟੀ ਅਤੇ ਕਵੀਨ ਅਲੀਜ਼ਾਬੇਥ ਹਸਪਤਾਲ ਨਾਲ ਨੇੜਤਾ ਹੈ। ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਵਿਦੇਸ਼ਾਂ ਤੋਂ ਆ ਕੇ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਜਾਂ ਹਸਪਤਾਲ ਵਿੱਚ ਕੰਮ ਕਰਦੇ ਹਨ ਅਤੇ ਛੇ ਮਹੀਨੇ ਤੋਂ ਤਿੰਨ ਸਾਲ ਤੱਕ ਇੱਥੇ ਰਹਿੰਦੇ ਹਨ। 

ਸਕੂਲ ਦੀ ਹੈੱਡਮਾਸਟਰ ਪਾਉਲਾ ਰੁਡ ਅਨੁਸਾਰ ਸਕੂਲ ਵਿੱਚ 30 ਵੱਖ-ਵੱਖ ਦੇਸ਼ਾਂ ਦੇ ਬੱਚੇ, 31 ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ ਅਤੇ ਆਉਣ ਵਾਲੇ 90 ਫੀਸਦੀ ਬੱਚੇ ਅੰਗਰੇਜ਼ੀ ਨਹੀਂ ਬੋਲਦੇ। ਅੰਗਰੇਜ਼ੀ ਸਕੂਲ ਵਿੱਚ ਆਉਣ ਵਾਲੇ ਬੱਚਿਆਂ ਦੀ ਪਹਿਲੀ ਭਾਸ਼ਾ ਨਾ ਹੋ ਕੇ ਦੂਸਰੀ ਭਾਸ਼ਾ ਹੁੰਦੀ ਹੈ ਪਰ ਬੱਚੇ ਫਿਰ ਵੀ ਆਪਸ ਵਿੱਚ ਤਾਲਮੇਲ ਰੱਖਦੇ ਹਨ।ਸਕੂਲ ਅਨੁਸਾਰ ਕੋਰੀਆ, ਦੱਖਣੀ ਅਫਰੀਕਾ, ਚੀਨ, ਭਾਰਤ, ਪਾਕਿਸਤਾਨ ਆਦਿ ਤੋਂ ਇਲਾਵਾ ਦੁਨੀਆਂ ਦੇ ਹੋਰਾਂ ਦੇਸਾਂ ਤੋਂ ਵੀ ਬੱਚੇ ਦਾਖਲਾ ਕਰਵਾਉਂਦੇ ਹਨ।

ਨੋਟ- ਬਰਮਿੰਘਮ ਦੇ ਪ੍ਰਾਇਮਰੀ ਸਕੂਲ 'ਚ ਬੋਲੀਆਂ ਜਾਂਦੀਆਂ ਹਨ 31 ਵੱਖ-ਵੱਖ ਭਾਸ਼ਾਵਾਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News