ਯੂਕੇ: ਐੱਨ.ਐੱਚ.ਐੱਸ. ਕੋਵਿਡ ਐਪ ਨੇ 1.7 ਮਿਲੀਅਨ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਦਿੱਤਾ ਸੰਦੇਸ਼

Tuesday, Feb 09, 2021 - 01:53 PM (IST)

ਯੂਕੇ: ਐੱਨ.ਐੱਚ.ਐੱਸ. ਕੋਵਿਡ ਐਪ ਨੇ 1.7 ਮਿਲੀਅਨ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਦਿੱਤਾ ਸੰਦੇਸ਼

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਅਜੋਕੇ ਜ਼ਮਾਨੇ ਵਿੱਚ ਹਰ ਦੇਸ਼ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ, ਜਿਸ ਨਾਲ ਕਿਸੇ ਵੀ ਖੇਤਰ ਵਿੱਚ ਕੋਈ ਵੀ ਕੰਮ ਸਰਲ ਅਤੇ ਤੇਜੀ ਨਾਲ ਕੀਤਾ ਜਾ ਸਕਦਾ ਹੈ। ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਵੀ ਲੋਕਾਂ ਨੂੰ ਵਾਇਰਸ ਪ੍ਰਤੀ ਜ਼ਿੰਦਗੀ ਜਾਣਕਾਰੀ ਅਤੇ ਹੋਰ ਸਹੂਲਤਾਂ ਦੇਣ ਦੇ ਮੰਤਵ ਨਾਲ ਵੱਖ ਵੱਖ ਐਪਲੀਕੇਸ਼ਨਾਂ ਬਣਾਈਆਂ ਗਈਆਂ ਹਨ। ਯੂਕੇ ਵਿੱਚ ਵੀ ਐੱਨ.ਐੱਚ.ਐੱਸ. ਕੋਵਿਡ-19 ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। 

ਸਿਹਤ ਵਿਭਾਗ ਦੀ ਇਸ ਐਪ ਨੇ ਵਾਇਰਸ ਪ੍ਰਤੀ ਜਰੂਰੀ ਜਾਣਕਾਰੀ ਦੇਣ ਦੇ ਨਾਲ-ਨਾਲ 13 ਵਿੱਚੋਂ ਇੱਕ ਬ੍ਰਿਟੇਨ ਵਾਸੀ ਨੂੰ ਕਿਸੇ ਵਾਇਰਸ ਪੀੜਤ ਦੇ ਸੰਪਰਕ ਵਿੱਚ ਆਉਣ ਦੇ ਬਾਅਦ ਇਕਾਂਤਵਾਸ ਹੋਣ ਲਈ ਇੱਕ ਅਲਰਟ ਭੇਜਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਖੁਲਾਸਾ ਕਰਦਿਆਂ ਦੱਸਿਆ ਕਿ ਐਪਲੀਕੇਸ਼ਨ ਨੇ ਸਤੰਬਰ ਵਿੱਚ ਲਾਂਚ ਕੀਤੇ ਜਾਣ ਤੋਂ ਬਾਅਦ ਇਸ ਨੇ ਤਕਰੀਬਨ 1.7 ਮਿਲੀਅਨ ਉਪਭੋਗਤਾਵਾਂ ਨੂੰ ਇਕਾਂਤਵਾਸ ਹੋਣ ਪ੍ਰਤੀ ਸੰਦੇਸ਼ ਦਿੱਤਾ ਹੈ। ਇੰਗਲੈਂਡ ਅਤੇ ਵੇਲਜ਼ ਦੇ ਕੁੱਲ 21.6 ਮਿਲੀਅਨ ਲੋਕਾਂ ਨੇ ਇਸ ਐਪ ਰਾਹੀ ਸਾਈਨ ਅਪ ਕੀਤਾ ਹੈ, ਜੋ ਕਿ ਬਾਲਗ ਆਬਾਦੀ ਦੇ 60 ਪ੍ਰਤੀਸ਼ਤ ਦੇ ਬਰਾਬਰ ਹੈ। ਹਾਲਾਂਕਿ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੀਆਂ ਇਸ ਸੰਬੰਧੀ ਆਪਣੀਆਂ ਐਪਸ ਹਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ 200 ਅਧਿਆਪਕਾਂ 'ਤੇ ਚੀਨ ਲਈ 'ਜਾਸੂਸੀ' ਕਰਨ ਦਾ ਸ਼ੱਕ, ਵਿਵਾਦਾਂ 'ਚ ਆਕਸਫੋਰਡ ਯੂਨੀਵਰਸਿਟੀ

ਇਸ ਦੇ ਇਲਾਵਾ ਆਕਸਫੋਰਡ ਯੂਨੀਵਰਸਿਟੀ ਦੁਆਰਾ ਕੀਤੇ ਵਿਸ਼ਲੇਸ਼ਣ ਅਨੁਸਾਰ ਇਸ ਐਪ ਨੇ ਵਾਇਰਸ ਦੇ ਲੱਗਭਗ 600,000 ਮਾਮਲਿਆਂ ਨੂੰ ਰੋਕਿਆ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਇਸ ਐਪ ਨੂੰ 'ਮਹੱਤਵਪੂਰਣ ਸਾਧਨ' ਵਜੋਂ ਵਰਣਿਤ ਕੀਤਾ ਹੈ, ਹੈਨਕਾਕ ਖੁਦ ਇਸ ਐਪ ਦੁਆਰਾ ਅਲਰਟ ਕੀਤੇ ਜਾਣ ਤੋਂ ਬਾਅਦ ਪਿਛਲੇ ਮਹੀਨੇ ਇਕਾਂਤਵਾਸ ਹੋਏ ਸਨ। ਇਹ ਐਪ ਉਪਭੋਗਤਾ ਨੂੰ ਉਹਨਾਂ ਦੇ ਨੇੜਲੇ ਵਾਇਰਸ ਪ੍ਰਭਾਵਿਤ ਵਿਅਕਤੀ ਬਾਰੇ ਚੇਤਾਵਨੀ ਦੇਣ ਲਈ ਬਲਿਊਟੁੱਥ ਲਾਗ ਦੀ ਵਰਤੋਂ ਕਰਦੀ ਹੈ ਅਤੇ ਕਿਸੇ ਨੇੜਲੇ ਵਿਅਕਤੀ ਦੇ ਪਾਜ਼ੇਟਿਵ ਹੋਣ ਦੀ ਸੂਰਤ ਵਿੱਚ 15 ਮਿੰਟ ਦੇ ਅੰਦਰ ਐਪ ਵੱਲੋਂ ਅਲਰਟ ਜਾਰੀ ਕੀਤਾ ਜਾਂਦਾ ਹੈ। ਇਸ ਐਪ ਦੁਆਰਾ ਲੋਕ ਇੱਕ ਟੈਸਟ ਬੁੱਕ ਕਰਵਾਉਣ ਦੇ ਨਾਲ ਨਤੀਜਾ ਵੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਟੈਸਟ ਕਿਤੇ ਹੋਰ ਬੁੱਕ ਕੀਤਾ ਗਿਆ ਹੈ ਤਾਂ ਉਹ ਹੱਥੀਂ ਨਤੀਜਾ ਇਸ 'ਚ ਦਾਖਲ ਕਰ ਸਕਦੇ ਹਨ।

ਨੋਟ- ਯੂਕੇ ਵਿਚ ਐਪ ਜ਼ਰੀਏ ਲੋਕਾਂ ਨੂੰ ਕੋਰੋਨਾ ਪ੍ਰਤੀ ਕੀਤਾ ਜਾ ਰਿਹੈ ਐਲਰਟ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News