ਯੂ. ਕੇ. : ਔਰਤਾਂ ਦੀ ਸੁਰੱਖਿਆ ਲਈ ਹੋਵੇਗਾ ਨਵਾਂ ਐਮਰਜੈਂਸੀ ਫੋਨ ਨੰਬਰ ਜਾਰੀ
Saturday, Oct 09, 2021 - 07:19 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ਸਰਕਾਰ ਵੱਲੋਂ ਸਾਰਾਹ ਐਵਾਰਾਰਡ ਦੇ ਕਤਲ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਸਰਕਾਰ ਵੱਲੋਂ ਇਕ ਨਵਾਂ ਐਮਰਜੈਂਸੀ ਨੰਬਰ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਕੀਤੇ ਐਲਾਨ ਦੇ ਅਨੁਸਾਰ ਪ੍ਰਮੁੱਖ ਤੌਰ ’ਤੇ ਇਕੱਲੀਆਂ ਔਰਤਾਂ ਦੀ ਸੁਰੱਖਿਆ ਲਈ ਇਕ ਨਵਾਂ ਐਮਰਜੈਂਸੀ ਫੋਨ ਨੰਬਰ ਕ੍ਰਿਸਮਸ ਤੱਕ ਚਾਲੂ ਹੋ ਸਕਦਾ ਹੈ। ਇਹ ਨਵੀਂ ਯੋਜਨਾ, ਜਿਸ ਨੂੰ ‘ਵਾਕ ਮੀ ਹੋਮ ਸਰਵਿਸ’ ਕਿਹਾ ਗਿਆ ਹੈ, ਸੰਭਾਵਿਤ ਤੌਰ ’ਤੇ 888 ਨੰਬਰ ਰਾਹੀਂ ਪਹੁੰਚਯੋਗ ਹੋਵੇਗੀ। ਇਹ ਸਰਵਿਸ ਬੀਟੀ ਵੱਲੋਂ ਵਿਕਸਿਤ ਕੀਤੀ ਜਾ ਰਹੀ ਹੈ, ਜਿਸ ਨੇ 1937 ’ਚ ਲਾਂਚ ਹੋਣ ਤੋਂ ਬਾਅਦ 999 ਸੇਵਾ ਵੀ ਚਲਾਈ ਹੈ।
ਯੂ. ਕੇ. ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ ਔਰਤਾਂ ਨੂੰ ਇਕ ਐਪ ਡਾਊਨਲੋਡ ਕਰ ਕੇ ਉਸ ’ਚ ਆਪਣੇ ਘਰ ਦਾ ਪਤਾ ਤੇ ਨਾਲ ਹੀ ਉਨ੍ਹਾਂ ਦੇ ਮਨਪਸੰਦ ਸਥਾਨਾਂ ਨੂੰ ਦਰਜ ਕਰਨ ਦੀ ਜ਼ਰੂਰਤ ਹੋਵੇਗੀ। ਕਿਸੇ ਵੀ ਸਥਾਨ ਦੀ ਯਾਤਰਾ ਕਰਨ ਤੋਂ ਪਹਿਲਾਂ ਉਹ 888 ’ਤੇ ਕਾਲ ਜਾਂ ਮੈਸੇਜ ਕਰ ਕੇ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਲੱਗਣ ਵਾਲੇ ਅਨੁਮਾਨਿਤ ਸਮੇਂ ਦੀ ਜਾਣਕਾਰੀ ਦੇਣਗੀਆਂ। ਇਸ ਉਪਰੰਤ ਫੋਨ ਦਾ ਜੀ. ਪੀ. ਐੱਸ. ਸਿਸਟਮ ਉਨ੍ਹਾਂ ਦੀ ਯਾਤਰਾ ਨੂੰ ਟਰੈਕ ਕਰੇਗਾ ਅਤੇ ਜੇ ਉਹ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਦੀਆਂ ਤਾਂ ਸੁਰੱਖਿਆ ਸਬੰਧੀ ਇਕ ਅਲਰਟ ਜਾਰੀ ਹੋ ਜਾਵੇਗਾ। ਇਸ ਤੋਂ ਇਲਾਵਾ ਜੇ ਔਰਤਾਂ ਕੋਈ ਖਤਰਾ ਮਹਿਸੂਸ ਕਰਦੀਆਂ ਹਨ ਤਾਂ ਉਹ ਪੁਲਸ ਨਾਲ ਸੰਪਰਕ ਕਰਨ ਲਈ ਵੀ ਐਪ ਦੀ ਵਰਤੋਂ ਕਰ ਸਕਦੀਆਂ ਹਨ।
ਸ਼ੁਰੂਆਤੀ ਸਮੇਂ ਦੇ ਅਨੁਮਾਨ ਦੇ ਆਧਾਰ ’ਤੇ ਐਪ ਉਪਭੋਗਤਾ ਦੇ ਘਰ ਪਹੁੰਚਣ ਦੀ ਜਾਂਚ ਕਰਨ ਲਈ ਇਕ ਸੁਨੇਹਾ ਭੇਜੇਗੀ, ਜੇਕਰ ਕੋਈ ਜਵਾਬ ਨਹੀਂ ਮਿਲਦਾ ਹੈ ਤਾਂ ਐਪ ਐਮਰਜੈਂਸੀ ਸੰਪਰਕਾਂ ਅਤੇ ਫਿਰ ਪੁਲਸ ਨੂੰ ਕਾਲਜ਼ ਸ਼ੁਰੂ ਕਰੇਗੀ। ਬੀਟੀ ਦੇ ਮੁੱਖ ਅਧਿਕਾਰੀ ਫਿਲਿਪ ਜੈਨਸਨ ਅਨੁਸਾਰ ਐਪ ਦੀ ਕੀਮਤ 50 ਮਿਲੀਅਨ ਪੌਂਡ ਹੋ ਸਕਦੀ ਹੈ ਅਤੇ ਕ੍ਰਿਸਮਸ ਤੱਕ ਤਿਆਰ ਹੋ ਸਕਦੀ ਹੈ।