ਬ੍ਰਿਟੇਨ ਦੀ 64 ਸਾਲਾ ਸਾਬਕਾ ਤੈਰਾਕ ਚਰਚ ਦੇ ਕਬਰਸਤਾਨ ’ਚ ਕਰ ਰਹੀ ਹੈ ਗੁਜ਼ਾਰਾ
Saturday, Mar 06, 2021 - 05:33 PM (IST)
ਗਲਾਸਗੋ/ਲੰਡਨ(ਮਨਦੀਪ ਖੁਰਮੀ)- ਬ੍ਰਿਟੇਨ ਦੀ ਇਕ ਸਾਬਕਾ ਤੈਰਾਕ ਚਰਚ ਦੇ ਕਬਰਸਤਾਨ ਵਿਚ ਸੌਂ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ, ਕਿਉਂਕਿ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਵਿੱਤੀ ਸਹਾਇਤਾ ਨਹੀਂ ਮਿਲ ਰਹੀ ਹੈ। ਦੁਨੀਆ ਭਰ ਦੇ ਤੈਰਾਕੀ ਮੁਕਾਬਲਿਆਂ ਵਿਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ 64 ਸਾਲਾਂ ਦੀ ਲਾਰੇਨ ਮੈਕਹੈਂਡਰੀ ਡੇਕਰੀ ਪਿਛਲੇ ਚਾਰ ਵਰ੍ਹਿਆਂ ਤੋਂ ਬੇਘਰ ਹੈ। ਇਹ ਤੈਰਾਕ ਆਪਣੇ ਸਾਰੇ ਵਿੱਤੀ ਸੋਮੇ ਗੁਵਾ ਚੁੱਕੀ ਹੈ ਅਤੇ ਇਸ ਤਰ੍ਹਾਂ ਦਿਨ ਗੁਜਾਰਨ ਲਈ ਮਜ਼ਬੂਰ ਹੈ।
ਇਹ ਸਾਬਕਾ ਤੈਰਾਕ ਵਿਦੇਸ਼ੀ ਜ਼ਿੰਦਗੀ ਬਤੀਤ ਕਰਨ, ਇਕ ਨੈਨੀ ਅਤੇ ਸਮਾਜ ਸੇਵਕ ਵਜੋਂ ਕੰਮ ਕਰਨ ਤੋਂ ਬਾਅਦ, 1990 ਦੇ ਅਖੀਰ ਵਿਚ ਇੰਗਲੈਂਡ ਵਿਚ ਰਿਟਾਇਰ ਹੋ ਗਈ ਸੀ। ਡੇਕਰੀ ਨੇ ਲੰਡਨ ਦੀ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਦੇ ਨਾਲ ਕੈਨੇਡਾ ਦੀ ਮਸ਼ਹੂਰ ਮੈਕਗਿਲ ਯੂਨੀਵਰਸਿਟੀ ਤੋਂ ਵੀ ਡਿਗਰੀ ਪ੍ਰਾਪਤ ਕੀਤੀ ਸੀ। ਡੇਕਰੀ ਅਨੁਸਾਰ ਉਸਨੇ ਆਪਣਾ ਸਾਰਾ ਪੈਸਾ ਗੁਵਾ ਲਿਆ ਹੈ ਅਤੇ ਰਿਟਾਇਰਮੈਂਟ ਪੈਨਸ਼ਨ ਦੀ ਉਮਰ ਬਦਲਣ ਕਾਰਣ (ਜੋ ਕਿ ਹੁਣ 66 ਸਾਲ ਕਰ ਦਿੱਤੀ ਗਈ ਹੈ) ਉਹ ਪੈਨਸ਼ਨ ਲੈਣ ਦੇ ਯੋਗ ਨਹੀਂ ਹੈ। ਲਾਰੇਨ ਨੂੰ ਮਾਨਸਿਕ ਸਿਹਤ ਸਬੰਧੀ ਕੋਈ ਮੁਸ਼ਕਲ ਜਾਂ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾ ਹੋਣ ਕਾਰਣ ਵੀ ਸਮਾਜਿਕ ਰਿਹਾਇਸ਼ ਅਤੇ ਸਹਾਇਤਾ ਲਈ ਯੋਗ ਨਹੀਂ ਸਮਝਿਆ ਜਾਂਦਾ ਹੈ।