ਯੂਕੇ: ਨਸ਼ੇ, ਹਥਿਆਰ ਅਤੇ ਲੱਖਾਂ ਪੌਂਡਾਂ ਨਾਲ ਫੜੇ ਗਏ ਤਸਕਰ ਨੂੰ ਹੋਈ ਸਜ਼ਾ
Sunday, Jun 13, 2021 - 04:26 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੰਡਨ ਵਿੱਚ ਪਿਛਲੇ ਸਾਲ ਇੱਕ ਟ੍ਰੈਫਿਕ ਸਟਾਪ 'ਤੇ ਰੋਕਣ ਮਗਰੋਂ ਇੱਕ ਨਸ਼ਾ ਤਸਕਰ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ, ਇੱਕ ਸਬ-ਮਸ਼ੀਨ ਗੰਨ ਅਤੇ 220,000 ਪੌਂਡ ਤੋਂ ਵੱਧ ਦੀ ਨਕਦ ਰਾਸ਼ੀ ਬਰਾਮਦ ਕੀਤੀ ਗਈ ਸੀ। ਇਸ ਤਸਕਰੀ ਦੇ ਦੋਸ਼ੀ 29 ਸਾਲਾ ਵਿਅਕਤੀ ਅਜ਼ੀਮ ਅਖਤਰ ਨੂੰ ਸ਼ੁੱਕਰਵਾਰ ਨੂੰ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 26 ਦੇਸ਼ਾਂ 'ਤੇ ਲਗਾਈ ਯਾਤਰਾ ਪਾਬੰਦੀ
ਪਿਛਲੇ ਸਾਲ ਨਵੰਬਰ ਵਿੱਚ ਮੈਟਰੋਪੋਲੀਟਨ ਪੁਲਸ ਬ੍ਰੈਂਟ ਦੇ ਚੈਪਟਰ ਰੋਡ 'ਤੇ ਗਸ਼ਤ ਕਰ ਰਹੀ ਸੀ ਜਿਸ ਦੌਰਾਨ ਅਧਿਕਾਰੀਆਂ ਵੱਲੋਂ ਅਖਤਰ ਦੀ ਗੱਡੀ ਨੂੰ ਰੋਕਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਅਤੇ ਤਲਾਸ਼ੀ ਜਾਰੀ ਕਰਦਿਆਂ ਉਸਦੇ ਨੇੜਲੇ ਘਰ ਵਿੱਚੋਂ ਇੱਕ ਸਕਾਰਪੀਅਨ ਸਬ-ਮਸ਼ੀਨ ਗੰਨ ਅਤੇ 94 ਗੋਲੀਆਂ ਵੀ ਮਿਲੀਆਂ। ਇਸਦੇ ਇਲਾਵਾ ਪੁਲਸ ਨੂੰ ਕੋਕੀਨ, ਭੰਗ ਦੇ ਨਾਲ ਜੁੱਤੀਆਂ ਦੇ ਬਕਸਿਆਂ ਅੰਦਰ ਲੁਕਾਏ ਹੋਏ 221,320 ਪੌਂਡ ਵੀ ਮਿਲੇ ਸਨ।
ਪੜ੍ਹੋ ਇਹ ਅਹਿਮ ਖਬਰ- ਯੂਕੇ : ਜੀ-7 ਸੰਮੇਲਨ 'ਚ ਸ਼ਾਮਲ ਪੁਲਸ ਅਧਿਕਾਰੀ ਦਾ ਕੋਰੋਨਾ ਟੈਸਟ ਪਾਜ਼ੇਟਿਵ
ਅਖਤਰ ਨੂੰ ਹੋਰ ਦੋਸ਼ਾਂ ਦੇ ਨਾਲ-ਨਾਲ ਹਥਿਆਰ, ਗੋਲਾ ਬਾਰੂਦ ਅਤੇ ਨਸ਼ਾ ਸਪਲਾਈ ਕਰਨ ਲਈ ਦੋਸ਼ੀ ਮੰਨਦਿਆਂ ਹੈਰੋ ਕਰਾਉਨ ਕੋਰਟ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਲੰਡਨ ਪੁਲਸ ਅਨੁਸਾਰ ਹਿੰਸਾ ਨੂੰ ਘਟਾਉਣਾ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਧਿਕਾਰੀ ਰੋਜ਼ਾਨਾ ਲੰਡਨ ਵਿੱਚ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹਨ।