ਯੂਕੇ : NHS ਕੋਵਿਡ ਐਪ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਅੱਜ ਹੋਈ ਲਾਂਚ

Friday, Sep 25, 2020 - 06:31 PM (IST)

ਯੂਕੇ : NHS ਕੋਵਿਡ ਐਪ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਅੱਜ ਹੋਈ ਲਾਂਚ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਯਤਨਾਂ ਦੀ ਲੜੀ ਤਹਿਤ ਯੂਕੇ ਸਰਕਾਰ ਵੱਲੋਂ ਅੱਜ NHS ਕੋਵਿਡ ਐਪ ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਲਾਂਚ ਕੀਤੀ ਗਈ। ਇਸ ਐਪ ਨੂੰ ਡਾਊਨਲੋਡ ਕਰਨ ਲਈ ਬ੍ਰਿਟੇਨ ਵਾਸੀਆਂ ਨੂੰ ਅਪੀਲ ਵੀ ਕੀਤੀ ਜਾਵੇਗੀ ਤਾਂ ਕਿ ਕੋਵਿਡ-19 ਦੀ ਲਾਗ ਨੂੰ ਘੱਟ ਕੀਤਾ ਜਾ ਸਕੇ। ਐਪ ਦਾ ਨਵੀਨਤਮ ਸੰਸਕਰਣ ਇੰਗਲੈਂਡ ਅਤੇ ਵੇਲਜ਼ ਵਿਚ ਚਲਾਇਆ ਜਾਵੇਗਾ ਅਤੇ ਸਿਹਤ ਅਧਿਕਾਰੀ ਉਮੀਦ ਕਰਦੇ ਹਨ ਕਿ ਇਹ ਵੱਧ ਰਹੀ ਲਾਗ ਦੀ ਦਰ ਨੂੰ ਘਟਾਉਣ ਵਿਚ ਇਕ ਅਹਿਮ ਭੂਮਿਕਾ ਅਦਾ ਕਰੇਗੀ। 

ਇਹ ਬਲਿਊਟੁੱਥ ਤਕਨਾਲੌਜੀ ਦੀ ਵਰਤੋਂ ਨਾਲ ਸੰਪਰਕਾਂ ਦੀ ਨਿਗਰਾਨੀ ਕਰਨ ਅਤੇ ਕਿਸੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਤੇ ਲੋਕਾਂ ਨੂੰ ਸੁਚੇਤ ਵੀ ਕਰੇਗੀ। ਇਸ ਤੋਂ ਇਲਾਵਾ ਕਿਊ ਆਰ ਕੋਡ ਸਕੈਨਿੰਗ ਦੀ ਮਦਦ ਨਾਲ ਲੋਕਾਂ ਨੂੰ ਕਈ ਸਥਾਨਾਂ ਤੇ ਜਾ ਕੇ ਚੈੱਕ-ਇਨ ਕਰਨ ਦੀ ਸਹੂਲਤ ਵੀ ਮਿਲੇਗੀ। ਇਸ ਦੇ ਨਾਲ ਹੀ ਵਾਇਰਸ ਸੰਬੰਧੀ ਟੈਸਟ ਵੀ ਬੁੱਕ ਕੀਤਾ ਜਾ ਸਕੇਗਾ। ਇੱਥੇ ਜ਼ਿਕਰਯੋਗ ਹੈ ਕਿ ਇਹ ਐਪ ਲਗਭਗ ਚਾਰ ਮਹੀਨੇ ਪਹਿਲਾਂ ਜ਼ਾਰੀ ਹੋਣੀ ਚਾਹੀਦੀ ਸੀ ਪਰ ਉਦੋਂ ਇਸਦੀ ਪ੍ਰਭਾਵਸ਼ੀਲਤਾ ਪ੍ਰਤੀ ਕਈ ਸ਼ੰਕਾਵਾਂ ਸਨ। ਜਦਕਿ ਕਈ ਹੋਰ ਦੇਸ਼ਾਂ ਵਿੱਚ ਇਸ ਤਰ੍ਹਾਂ ਦੀ ਐਪ ਜ਼ਾਰੀ ਕੀਤੀ ਜਾ ਚੁੱਕੀ ਹੈ।

ਇਸ ਸਾਫਟਵੇਅਰ ਦੀ ਵਰਤੋਂ ਸਵੈਇੱਛੁਕ ਹੈ, ਇਸ ਲਈ ਇਸ ਦੀ ਸਫਲਤਾ ਇਸ ਗੱਲ ਤੇ ਨਿਰਭਰ ਕਰੇਗੀ ਕਿ ਕਿੰਨੇ ਲੋਕ ਇਸ ਨੂੰ ਡਾਊਨਲੋਡ ਕਰਨ ਅਤੇ ਇਸ ਦੀ ਵਰਤੋਂ ਕਰਨ ਦੀ ਚੋਣ ਕਰਦੇ ਹਨ। ਇਸ ਸੰਬੰਧੀ ਡੀ.ਐਚ.ਐਸ.ਸੀ. ਅੱਜ ਰਾਤ ਇੱਕ ਟੀਵੀ ਇਸ਼ਤਿਹਾਰਬਾਜ਼ੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ ਲੋਕਾਂ ਨੂੰ ਅਪੀਲ ਕਰੇਗੀ ਕਿ ਉਹ ਆਪਣੇ ਅਜ਼ੀਜ਼ਾਂ ਨੂੰ ਬਚਾਉਣ ਲਈ ਇਸ ਐਪ ਨੂੰ ਡਾਊਨਲੋਡ ਕਰਨ। ਇਸ ਲਈ ਦੇਸ਼ ਵਾਸੀਆਂ ਨੂੰ ਇਹ ਐਪ ਡਾਊਨਲੋਡ ਕਰਕੇ ਵਾਇਰਸ ਨੂੰ ਘੱਟ ਕਰਨ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।


author

Vandana

Content Editor

Related News