ਯੂਕੇ: ਕੋਵਿਡ ਐਪ ਇਕਾਂਤਵਾਸ ਅਲਰਟਾਂ ਕਾਰਨ ਘੱਟ ਹੋਇਆ ਕਾਰਾਂ ਦਾ ਉਤਪਾਦਨ
Thursday, Jul 29, 2021 - 02:22 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਵਾਇਰਸ ਪੀੜਤ ਮਰੀਜ਼ਾਂ ਦੇ ਨੇੜਲੇ ਸੰਪਰਕ ਹੋਣ ਕਰਕੇ ਲੱਖਾਂ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤਾ ਗਿਆ ਹੈ। ਇਸ ਕਾਰਨ ਕਈ ਕਾਰੋਬਾਰਾਂ ਨੂੰ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜ਼ਿਆਦਾਤਰ ਕਾਮੇ ਇਕਾਂਤਵਾਸ ਲਈ ਘਰ ਰਹਿ ਰਹੇ ਹਨ। ਯੂਕੇ ਦੀ ਕਾਰ ਉਤਪਾਦਨ ਇੰਡਸਟਰੀ ਵੀ ਇਸ ਤੋਂ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਾਰ ਉਤਪਾਦਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਯੂਕੇ ਵਿੱਚ ਕਾਰਾਂ ਦਾ ਉਤਪਾਦਨ ਅਜੇ ਵੀ ਸਟਾਫ ਅਤੇ ਸੈਮੀ ਕੰਡਕਟਰ ਦੀ ਘਾਟ ਕਾਰਨ ਜ਼ਰੂਰਤ ਨਾਲੋਂ ਬਹੁਤ ਘੱਟ ਹੈ। ਸੁਸਾਇਟੀ ਆਫ ਮੋਟਰ ਮੈਨੂਫੈਕਚਰਰ ਐਂਡ ਟ੍ਰੇਡਰਜ਼ (ਐੱਸ.ਐੱਮ.ਐੱਮ.ਟੀ.) ਨੇ ਜਾਣਕਾਰੀ ਦਿੱਤੀ ਕਿ ਇਸ ਸਾਲ ਜੂਨ ਵਿੱਚ ਸਿਰਫ 69,097 ਕਾਰਾਂ ਦਾ ਉਤਪਾਦਨ ਹੋਇਆ ਜੋ ਕਿ ਪਿਛਲੇ ਸਾਲ ਨੂੰ ਛੱਡ ਕੇ 1953 ਤੋਂ ਸਭ ਤੋਂ ਘੱਟ ਹੈ। ਇਸ ਲਈ ਇਹ ਟਰੇਡ ਬਾਡੀ ਐੱਨ ਐੱਚ ਐੱਸ ਕੋਵਿਡ ਐਪ ਦੁਆਰਾ ਸੂਚਿਤ ਕੀਤੇ ਸਟਾਫ ਨੂੰ ਛੋਟ ਦੇਣ ਲਈ ਸਹਾਇਤਾ ਦੀ ਮੰਗ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ - ਸਿਡਨੀ 'ਚ ਕਰੋਨਾ ਦਾ ਕਹਿਰ! 239 ਨਵੇਂ ਕੇਸ ਆਏ ਸਾਹਮਣੇ
ਐੱਸ ਐੱਮ ਐੱਮ ਟੀ ਨੇ ਇਸ ਸਾਲ 1.05 ਮਿਲੀਅਨ ਤੋਂ ਵੱਧ ਕਾਰਾਂ ਬਣਾਉਣ ਦੀ ਉਮੀਦ ਜਤਾਈ ਸੀ ਪਰ ਸੈਮੀ ਕੰਡਕਟਰ ਦੀ ਘਾਟ ਅਤੇ ਹੋਰ ਮੁੱਦੇ ਜਿਵੇਂ ਕਿ ਸਟਾਫ ਦੀ ਘਾਟ ਕਾਰਨ ਇਹ ਗਿਣਤੀ ਪੂਰੀ ਕਰਨੀ ਮੁਸ਼ਕਿਲ ਹੈ। ਯੂਕੇ ਦੇ ਕਾਰ ਪਲਾਂਟਾਂ ਨੇ 2021 ਦੇ ਪਹਿਲੇ ਅੱਧ ਵਿੱਚ ਸਿਰਫ 498,923 ਕਾਰਾਂ ਦਾ ਉਤਪਾਦਨ ਕੀਤਾ, ਜੋ ਕਿ ਪੰਜ ਸਾਲਾਂ ਦੀ ਓਸਤ ਨਾਲੋਂ 38.4% ਘੱਟ ਹਨ। ਇਸ ਲਈ ਐੱਸ ਐੱਮ ਐੱਮ ਟੀ ਸਰਕਾਰ ਨੂੰ ਅਪੀਲ ਕਰ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਟੀਕੇ ਲਗਵਾਏ ਹੋਏ ਬਾਲਗਾਂ ਨੂੰ ਇਕਾਂਤਵਾਸ ਤੋਂ ਛੋਟ ਦੇਣ ਲਈ ਮਿਥੀ ਗਈ 16 ਅਗਸਤ ਦੀ ਤਾਰੀਖ਼ ਤੋਂ ਪਹਿਲਾਂ ਇਹ ਨਿਯਮ ਲਾਗੂ ਕੀਤੇ ਜਾਣ।