ਯੂਕੇ ਦੇ ਹਵਾਈ ਅੱਡੇ ਨੂੰ ਕੋਰੋਨਾ ਨੇ ਝੰਜੋੜਿਆ, ਘਟੀ ਯਾਤਰੀਆਂ ਦੀ ਆਮਦ
Monday, Jun 14, 2021 - 04:11 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਸਰਕਾਰ ਦੁਆਰਾ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਸੁਰੱਖਿਆ ਨੂੰ ਪਹਿਲ ਦਿੰਦਿਆਂ ਹਵਾਈ ਯਾਤਰਾ ਪਾਬੰਦੀਆਂ ਲਗਾਈਆਂ ਹਨ। ਇਹਨਾਂ ਹੀ ਪਾਬੰਦੀਆਂ ਕਾਰਨ ਪਿਛਲੇ ਸਾਲ ਯੂਕੇ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਗਿਣਤੀ 75% ਦੀ ਸਾਲਾਨਾ ਗਿਰਾਵਟ ਨਾਲ 223 ਮਿਲੀਅਨ ਤੱਕ ਘੱਟ ਦਰਜ ਕੀਤੀ ਗਈ ਹੈ। ਸਿਵਲ ਹਵਾਬਾਜ਼ੀ ਅਥਾਰਟੀ ਦੇ ਸਾਲਾਨਾ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ, 2020 ਵਿੱਚ ਯੂਕੇ ਦੇ ਹਵਾਈ ਅੱਡਿਆਂ ਵਿੱਚੋਂ ਲੱਗਭਗ 74 ਮਿਲੀਅਨ ਲੋਕ ਲੰਘੇ, ਜੋ ਕਿ 2019 ਵਿੱਚ ਦਰਜ ਕੀਤੇ 297 ਮਿਲੀਅਨ ਦੇ ਇੱਕ ਚੌਥਾਈ ਹਿੱਸੇ ਤੋਂ ਵੀ ਘੱਟ ਹਨ।
ਇਹਨਾਂ ਅੰਕੜਿਆਂ ਅਨੁਸਾਰ ਕਾਰਡਿਫ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ 'ਚ ਸਭ ਤੋਂ ਵੱਡੀ ਗਿਰਾਵਟ 86.7% ਰਹੀ ਹੈ, ਇਸ ਤੋਂ ਬਾਅਦ ਗਲਾਸਗੋ ਪ੍ਰੈਸਟਵਿਕ 85.8% ਅਤੇ ਐਕਸੀਟਰ ਏਅਰਪੋਰਟ 'ਤੇ 85.5% ਦਰਜ ਕੀਤੀ ਗਈ ਹੈ।ਇਸਦੇ ਇਲਾਵਾ ਸਾਉਥੈਮਪਟਨ ਲਈ ਇਹ ਅੰਕੜਾ 83.4% ਰਿਹਾ ਜਦਕਿ ਲੰਡਨ ਸਿਟੀ ਵਿੱਚ 82.3% ਅਤੇ ਲੀਡਜ਼ ਬ੍ਰੈਡਫੋਰਡ ਵਿੱਚ 81.2% ਦੀ ਗਿਰਾਵਟ ਆਈ। ਯੂਕੇ ਦੇ ਸਭ ਤੋਂ ਵੱਡੇ ਹਵਾਈ ਅੱਡੇ ਹੀਥਰੋ ਵਿੱਚ ਸਾਲ 2019 ਵਿੱਚ 80.9 ਮਿਲੀਅਨ ਯਾਤਰੀਆਂ ਦੀ ਗਿਣਤੀ ਨਾਲੋਂ ਪਿਛਲੇ ਸਾਲ 22.1 ਮਿਲੀਅਨ ਯਾਤਰੀਆਂ ਨਾਲ 72.7% ਦੀ ਗਿਰਾਵਟ ਦਰਜ ਕੀਤੀ ਗਈ।
ਪੜ੍ਹੋ ਇਹ ਅਹਿਮ ਖਬਰ-ਬ੍ਰਿਟੇਨ 'ਚ ਤਾਲਾਬੰਦੀ ਵਧਣ ਦੀ ਸੰਭਾਵਨਾ, ਪੀ.ਐੱਮ. ਜਾਨਸਨ ਜਲਦ ਕਰ ਸਕਦੈ ਘੋਸ਼ਣਾ
ਇਹਨਾਂ ਅੰਕੜਿਆਂ ਵਿੱਚ ਉਹ ਸਾਰੇ ਯਾਤਰੀ ਸ਼ਾਮਲ ਹਨ ਜੋ ਬ੍ਰਿਟਿਸ਼ ਹਵਾਈ ਅੱਡਿਆਂ 'ਤੇ ਚੈਨਲ ਆਈਲੈਂਡਜ਼ ਜਾਂ ਆਈਲ ਆਫ ਮੈਨ ਨੂੰ ਛੱਡ ਕੇ ਯਾਤਰਾ ਕਰਦੇ ਹਨ। ਮਾਰਚ 2020 ਵਿੱਚ ਯੂਕੇ ਦੀ ਪਹਿਲੀ ਰਾਸ਼ਟਰੀ ਤਾਲਾਬੰਦੀ ਦੌਰਾਨ ਹਵਾਈ ਸਫਰ ਦੀ ਮੰਦੀ ਸ਼ੁਰੂ ਹੋਈ। ਯਾਤਰਾ ਗਰਮੀ ਦੇ ਅਖੀਰ ਵਿੱਚ ਅਤੇ ਪਤਝੜ ਵਿੱਚ ਠੀਕ ਹੋਣ ਲੱਗੀ ਸੀ ਪਰ ਯੂਕੇ ਵਿੱਚ ਪਾਬੰਦੀਆਂ ਦੇ ਮੁੜ ਲਾਗੂ ਹੋਣ ਤੋਂ ਬਾਅਦ ਨਵੰਬਰ ਵਿੱਚ ਯਾਤਰੀਆਂ ਦੀ ਗਿਣਤੀ ਇੱਕ ਵਾਰ ਫਿਰ ਘੱਟ ਗਈ। ਏਅਰਪੋਰਟ ਅਧਿਕਾਰੀਆਂ ਅਨੁਸਾਰ ਯਾਤਰੀਆਂ ਦੀ ਕਮੀ ਆਉਣ ਨਾਲ ਹਵਾਈ ਅੱਡਿਆਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਤੇ ਮਹੱਤਵਪੂਰਣ ਨੌਕਰੀਆਂ ਵੀ ਖ਼ਤਮ ਹੋ ਰਹੀਆਂ ਹਨ।