ਸਾਊਥਾਲ: ਇੱਕ ਹੋਸਟਲ ''ਚ ਸੂਟਕੇਸ ''ਚੋਂ ਮਿਲੀ ਬੀਬੀ ਦੀ ਲਾਸ਼
Sunday, Dec 20, 2020 - 02:05 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਸਾਊਥਾਲ ਵਿੱਚ ਪੁਲਸ ਦੁਆਰਾ ਇੱਕ ਸੂਟਕੇਸ ਵਿੱਚ ਬੰਦ ਕੀਤੀ ਹੋਈ ਬੀਬੀ ਦੀ ਲਾਸ਼ ਬਰਾਮਦ ਕੀਤੀ ਗਈ। ਇਹ ਲਾਸ਼ ਇੱਕ ਹੋਸਟਲ ਵਿੱਚੋਂ ਉਸ ਵੇਲੇ ਪ੍ਰਾਪਤ ਕੀਤੀ ਗਈ ਜਦੋਂ ਸਥਾਨਕ ਲੋਕਾਂ ਨੇ ਦੋ ਹਫਤਿਆਂ ਤੋਂ ਆ ਰਹੀ ਬਦਬੂ ਬਾਰੇ ਖਦਸ਼ਾ ਪ੍ਰਗਟ ਕੀਤਾ ਸੀ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਪੱਛਮੀ ਲੰਡਨ ਵਿੱਚ ਸਾਉਥਾਲ ਦੇ ਇੱਕ ਸੈਲੂਨ ਉੱਪਰ 'ਪੇਅ ਐਂਡ ਸਲੀਪ' ਹੋਸਟਲ ਦੇ ਇੱਕ ਕਮਰੇ ਵਿੱਚ ਬੀਬੀ ਦੀ ਲਾਸ਼ ਨੂੰ ਸੂਟਕੇਸ ਵਿੱਚ ਬਰਾਮਦ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੀਆਂ ਸਮੂਹ ਸੰਗਤਾਂ ਨੇ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ
ਇਸ ਘਟਨਾ ਸੰਬੰਧੀ ਸਥਾਨਕ ਲੋਕਾਂ ਮੁਤਾਬਕ, ਸ਼ੁੱਕਰਵਾਰ ਦੁਪਹਿਰ 3 ਵਜੇ ਤੋਂ ਪਹਿਲਾਂ ਇੱਕ ਪੇਂਟਰ ਦੁਆਰਾ ਹੋਸਟਲ ਵਿੱਚ ਜਾਣ 'ਤੇ ਸੂਟਕੇਸ ਦਾ ਪਤਾ ਚੱਲਿਆ ਜਦਕਿ ਇਸ ਖੇਤਰ ਦੇ ਲੋਕ ਹਫ਼ਤਿਆਂ ਤੋਂ ਬਦਬੂ ਆਉਣ ਦੀ ਸ਼ਿਕਾਇਤ ਕਰ ਰਹੇ ਸਨ। ਇਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਗਿਆ ਅਤੇ ਕਾਰਵਾਈ ਸ਼ੁਰੂ ਕੀਤੀ ਗਈ ਪਰ ਪੁਲਸ ਨੇ ਇਸ ਸੰਬੰਧੀ ਖਾਸ ਵੇਰਵਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ। ਇਸ ਵਾਰਦਾਤ ਵਿੱਚ ਮਰਨ ਵਾਲੀ ਪੋਲਿਸ਼ ਬੀਬੀ (40) ਇਸ ਹੋਸਟਲ ਵਿੱਚ ਰਹਿੰਦੀ ਸੀ ਅਤੇ ਆਲੇ-ਦੁਆਲੇ ਦੇ ਲੋਕਾਂ ਮੁਤਾਬਕ, ਉਸਦੀ ਲਾਸ਼ ਮਿਲਣ ਤੋਂ ਪਹਿਲਾਂ ਬੀਬੀ ਦਾ ਇੱਕ ਪੁਰਸ਼ ਮਿੱਤਰ ਦਿਖਾਈ ਨਹੀ ਦਿੱਤਾ ਹੈ।ਮੈਟਰੋਪੋਲੀਟਨ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਇਸ ਮਾਮਲੇ ਨਾਲ ਸੰਬੰਧਿਤ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।