ਯੂ. ਕੇ. : ਦੋ ਦਿਨਾਂ ’ਚ 1100 ਗ਼ੈਰ-ਕਾਨੂੰਨੀ ਪ੍ਰਵਾਸੀ ਛੋਟੀਆਂ ਕਿਸ਼ਤੀਆਂ ਰਾਹੀਂ ਹੋਏ ਦਾਖਲ
Monday, Oct 11, 2021 - 08:01 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਪਾਰ ਕਰ ਕੇ ਦਾਖਲ ਹੋਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ’ਚ ਕਮੀ ਨਹੀਂ ਹੋ ਰਹੀ ਹੈ। ਪੁਲਸ ਅਨੁਸਾਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 1100 ਤੋਂ ਵੱਧ ਲੋਕਾਂ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਨੂੰ ਪਾਰ ਕੀਤਾ। ਇਸੇ ਦੌਰਾਨ ਫਰਾਂਸ ਨੇ ਬ੍ਰਿਟੇਨ ’ਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਵਾਅਦਾ ਕੀਤੇ ਗਏ ਫੰਡ ਮੁਹੱਈਆ ਕਰਵਾਉਣ ’ਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ।
ਇਸ ਸਬੰਧੀ ਰਿਪੋਰਟਾਂ ਅਨੁਸਾਰ 624 ਲੋਕ ਸ਼ੁੱਕਰਵਾਰ ਨੂੰ ਛੋਟੀਆਂ ਕਿਸ਼ਤੀਆਂ ’ਚ ਯੂ.ਕੇ. ਪਹੁੰਚੇ ਅਤੇ 491 ਲੋਕਾਂ ਨੇ ਸ਼ਨੀਵਾਰ ਨੂੰ ਆਪਣੀ ਯਾਤਰਾ ਕੀਤੀ। ਸ਼ਨੀਵਾਰ ਨੂੰ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮਾਨਿਨ ਨੇ ਕਿਹਾ ਕਿ ਬ੍ਰਿਟੇਨ ਨੇ 55 ਮਿਲੀਅਨ ਪੌਂਡ ਦੇ ਸਮਝੌਤੇ ’ਚੋਂ ਇਕ ਯੂਰੋ ਦਾ ਵੀ ਭੁਗਤਾਨ ਨਹੀਂ ਕੀਤਾ ਹੈ। ਅੰਕੜਿਆਂ ਅਨੁਸਾਰ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 18,000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ ’ਤੇ ਸਵਾਰ ਹੋ ਕੇ ਯੂ.ਕੇ. ਪਹੁੰਚਣ ’ਚ ਸਫਲ ਹੋਏ ਹਨ।