ਤਣਾਅ ਵਿਚਾਲੇ ਉੱਜਲ ਦੋਸਾਂਝ ਦਾ ਵੱਡਾ ਬਿਆਨ, ਕਿਹਾ-ਟਰੂਡੋ ਖਾਲਿਸਤਾਨੀਆਂ ''ਤੇ ਕਾਰਵਾਈ ਕਰਨ ''ਚ ਫੇਲ੍ਹ

Wednesday, Oct 16, 2024 - 10:09 PM (IST)

ਟੋਰਾਂਟੋ : ਕੈਨੇਡਾ ਤੇ ਭਾਰਤ ਦੇ ਵਿਚਾਲੇ ਲਗਾਤਾਰ ਤਣਾਅ ਦੇ ਹਾਲਾਤ ਬਣੇ ਹੋਏ ਹਨ। ਇਸ ਦੌਰਾਨ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਤੇ ਕੈਨੇਡਾ ਨੇ ਕਈ ਸੀਨੀਅਰ ਡਿਪਲੋਮੈਟ ਆਪਣੇ ਦੇਸ਼ਾਂ ਤੋਂ ਕੱਢ ਦਿੱਤੇ। ਇਸ ਸਭ ਦੌਰਾਨ ਕੈਨੇਡਾ ਨੇ ਭਾਰਤ 'ਤੇ ਕਈ ਦੋਸ਼ ਵੀ ਮੜ੍ਹੇ ਹਨ। ਇਸ ਸਭ ਦੇ ਵਿਚਾਲੇ ਕੈਨੇਡਾ ਦੇ ਇਕ ਨਿਊਜ਼ ਚੈਨੇਲ ਸੀਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਬ੍ਰਿਟਿਸ਼ ਕੋਲੰਬੀਆ ਦੇ ਭਾਰਤੀ ਮੂਲ ਦੇ ਸਾਬਕਾ ਪ੍ਰੀਮੀਅਰ ਉੱਜਲ ਦੇਵ ਦੋਸਾਂਝ ਨੇ ਕੈਨੇਡਾ ਤੇ ਭਾਰਤ ਵਿਚਾਲੇ ਚੱਲ ਰਹੇ ਤਾਜ਼ਾ ਘਟਨਾਕ੍ਰਮ 'ਤੇ ਆਪਣੀ ਪ੍ਰਤੀਕਿਆ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਨੇਡਾ ਦੀ ਲਿਬਰਲ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਭਾਰਤ ਤੇ ਕੈਨੇਡਾ ਵੱਲੋਂ ਕੀਤੇ ਜਾ ਰਹੇ ਟਿੱਟ-ਫਾਰ-ਟੈਟ ਨਾਲ ਆਮ ਕੈਨੇਡੀਅਨ ਲੋਕਾਂ ਨੂੰ ਕੋਈ ਮਤਲਬ ਨਹੀਂ ਹੈ। ਕੈਨੇਡਾ ਤੇ ਭਾਰਤ ਵਿਚਾਲੇ ਬਹੁਤ ਲੰਮੇ ਸਬੰਧ ਹਨ ਪਰ ਇਸ ਵੇਲੇ ਇਹ ਸਭ ਤੋਂ ਹੇਠਲੇ ਪੱਧਰ 'ਤੇ ਹਨ। ਕੈਨੇਡਾ ਸਰਕਾਰ ਖਾਲਿਸਤਾਨ ਸਬੰਧੀ ਮਾਮਲਿਆਂ 'ਤੇ ਕਾਬੂ ਪਾਉਣ ਵਿਚ ਫੇਲ੍ਹ ਹੋਈ ਹੈ।

ਇਸ ਦੌਰਾਨ ਦੋਸਾਂਝ ਨੇ ਕਿਹਾ ਕਿ ਮੈਂ ਅਜਿਹਾ ਕਦੇ ਨਹੀਂ ਦੇਖਿਆ। ਭਾਰਤ ਵੱਲੋਂ ਨਿਊਕਲੀਅਰ ਟੈਸਟ ਦੌਰਾਨ ਵੀ ਅਜਿਹੇ ਹਾਲਾਤ ਨਹੀਂ ਹੋਏ ਸਨ। ਉਨ੍ਹਾਂ ਨੇ ਕੈਨੇਡਾ ਵਿਚ ਖਾਲਿਸਤਾਨੀਆਂ ਵੱਲੋਂ ਜਿਸ ਤਰ੍ਹਾਂ ਨਾਲ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਕੈਨੇਡਾ ਦੇ ਲੋਕ ਇਸ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਘਟਨਾਕ੍ਰਮ ਦੌਰਾਨ, ਇਸ ਤੋਂ ਪਹਿਲਾਂ ਜਾਂ ਹੁਣ ਹਾਲਾਤ ਬਦਲੇ ਨਹੀਂ ਹਨ। ਖਾਲਿਸਤਾਨੀਆਂ ਵੱਲੋਂ ਖੁੱਲ੍ਹੇਆਮ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਹੁੰ ਚੁੱਕੀ ਹੈ ਤੇ ਅਹੁਦਾ ਸੰਭਾਲਿਆ ਹੈ ਉਹ ਖਾਲਿਸਤਾਨੀਆਂ ਨਾਲ ਘਿਰੇ ਹੋਏ ਹਨ। ਇਹ ਲੋਕ ਉਨ੍ਹਾਂ ਦੇ ਸਰਕਲ ਵਿਚ ਹਨ, ਉਨ੍ਹਾਂ ਦੀ ਕੈਬਨਿਟ ਵਿਚ ਹਨ ਤੇ ਜਗਮੀਤ ਸਿੰਘ ਦੀ ਪਾਰਟੀ ਨਾਲ ਵੀ ਉਨ੍ਹਾਂ ਦਾ ਗਠਜੋੜ ਰਿਹਾ। ਜੋ ਕਿ ਖੁਦ ਖਾਲਿਸਤਾਨੀ ਹਨ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਹਿੰਸਾ ਨੂੰ ਉਕਸਾਵਾ ਨਹੀਂ ਦਿੱਤਾ। ਖਾਲਿਸਤਾਨੀਆਂ ਵੱਲੋਂ ਲੰਬੇ ਸਮੇਂ ਤੋਂ ਭਾਈਚਾਰੇ 'ਤੇ ਏਅਰ ਇੰਡੀਆ ਘਟਨਾਕ੍ਰਮ ਸਣੇ ਹਿੰਸਾ ਕੀਤੀ ਜਾ ਰਹੀ ਹੈ। ਅਜੇ ਤਕ ਕੁਝ ਨਹੀਂ ਕੀਤਾ ਗਿਆ। ਕੈਨੇਡਾ ਫੇਲ੍ਹ ਹੋਇਆ ਹੈ। ਅਸੀਂ ਇਹ ਸਲਾਹ ਨਹੀਂ ਦੇ ਰਹੇ ਕਿ ਭਾਰਤ ਦੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਪਰ ਇਹ ਕਹਿ ਰਹੇ ਹਾਂ ਕਿ ਕੈਨੇਡਾ ਦੇ ਲੋਕ ਵੀ ਇਸ ਤੋਂ ਪੀੜਤ ਹਨ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਰਕਾਰ ਤਾਂ ਜੋ ਕਰ ਸਕਦੀ ਹੈ ਉਹ ਕਰ ਰਹੀ ਹੈ ਪਰ ਕੈਨੇਡਾ ਦੀ ਸਰਕਾਰ ਕੁਝ ਨਹੀਂ ਕਰ ਸਕਦੀ। ਕੈਨੇਡਾ ਦੇ ਲੋਕਾਂ ਨੂੰ ਧਮਕੀਆਂ ਤੋਂ ਬਚਾਉਣ ਲਈ ਕੁਝ ਨਹੀਂ ਕੀਤਾ ਜਾ ਰਿਹਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਦੁਨੀਆ ਵਿਚ ਦੋਹਰੇ ਮਾਪਦੰਡ ਹਨ। ਜੇਕਰ ਅਮਰੀਕਾ ਕਿਸੇ ਥਾਂ ਹਮਲਾ ਕਰਦਾ ਹੈ ਤਾਂ ਉਸ ਨੂੰ ਸਾਰੇ ਸਹੀ ਕੰਮ ਦੱਸਦੇ ਹਨ ਪਰ ਜੇਕਰ ਭਾਰਤ ਕਰਦਾ ਹੈ ਤਾਂ ਉਸ ਦੀ ਨਿੰਦਾ ਕੀਤਾ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਕੈਨੇਡਾ ਨੇ ਭਾਰਤ ਨਾਲ ਕੁਝ ਗਲਤ ਕੀਤਾ ਹੈ ਪਰ ਮੈਂ ਇਹ ਕਹਿ ਰਿਹਾਂ ਹਾਂ ਕਿ ਕੈਨੇਡਾ ਦੀ ਸਰਕਾਰ ਨੇ ਕੈਨੇਡੀਅਨਾਂ ਨੂੰ ਇਸ ਹਿੰਸਾ ਤੋਂ ਬਚਾਉਣ ਲਈ ਕੀ ਕੀਤਾ ਹੈ। ਕੋਈ ਵੀ ਇਸ ਵੱਲ ਨਹੀਂ ਦੇਖ ਰਿਹਾ ਤੇ ਕਿਸੇ ਨੂੰ ਵੀ ਇਸ ਦੀ ਪਰਵਾਹ ਨਹੀਂ ਹੈ।

ਇਸ ਦੌਰਾਨ ਪੱਤਰਕਾਰ ਦੇ ਸਵਾਲ 'ਤੇ ਕਿ ਹੁਣ ਕੈਨੇਡਾ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਦੋਸਾਂਝ ਨੇ ਕਿਹਾ ਕਿ ਕੈਨੇਡਾ ਨੂੰ ਖਾਲਿਸਤਾਨ ਖਿਲਾਫ ਖੜੇ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਖਾਲਿਸਤਾਨੀਆਂ ਨੂੰ ਨਫਰਤੀ ਅਪਰਾਧ ਕਰਨ ਤੋਂ ਰੋਕਣਾ ਚਾਹੀਦਾ ਹੈ ਤੇ ਕੈਨੇਡਾ ਦੇ ਦੋਸਤ ਦੇਸ਼ ਬਾਰੇ ਬਿਆਨਬਾਜ਼ੀ ਕਰਨ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੋਰਾਂ ਦੇਸ਼ਾਂ ਵਿਚ ਕਦੇ ਵੀ ਅਜਿਹੇ ਹਾਲਾਤ ਨਹੀਂ ਬਣੇ ਚਾਹੇ ਉਹ ਆਸਟ੍ਰੇਲੀਆ ਹੋਵੇ ਜਾਂ ਅਮਰੀਕਾ। ਇੰਨਾਂ ਹੀ ਨਹੀਂ 1984 ਤੋਂ ਬਾਅਦ ਵੀ ਅਜਿਹੇ ਹਾਲਾਤ ਨਹੀਂ ਬਣੇ। ਇਹ ਸਮਝ ਤੋਂ ਬਾਹਰ ਹੈ ਕਿ ਅਜਿਹੇ ਹਾਲਾਤ ਕਿਉਂ ਬਣੇ ਹੋਏ ਹਨ। ਬ੍ਰਾਊਨ ਲੋਕ ਹੀ ਆਪਣੇ ਲੋਕਾਂ ਨੂੰ ਮਾਰ ਰਹੇ ਹਨ। ਵੱਡੇ ਸਿਆਸਤਦਾਨ ਕੁਝ ਨਹੀਂ ਕਰ ਰਹੇ। ਕੈਨੇਡੀਅਨ ਪ੍ਰਧਾਨ ਮੰਤਰੀ ਕੁਝ ਨਹੀਂ ਕਰ ਰਹੇ। 

ਦੱਸ ਦਈਏ ਕਿ ਅੱਜ ਦੇ ਇਕ ਤਾਜ਼ਾ ਘਟਨਾਕ੍ਰਮ ਵਿਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਪਣੇ ਸਿੱਧੇ ਸਬੰਧਾਂ ਦੀ ਗੱਲ ਕਬੂਲੀ ਹੈ। ਪੰਨੂ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਟਰੂਡੋ ਦੇ ਸਿੱਧੇ ਸੰਪਰਕ 'ਚ ਰਹੇ ਹਨ ਤੇ ਉਨ੍ਹਾਂ ਨੇ ਹੀ ਭਾਰਤ ਵਿਰੁੱਧ ਸੂਚਨਾਵਾਂ ਮੁਹੱਈਆ ਕਰਵਾਈਆਂ ਸਨ, ਜਿਸ 'ਤੇ ਟਰੂਡੋ ਨੇ ਕਾਰਵਾਈ ਕੀਤੀ ਸੀ। ਕੈਨੇਡਾ ਨੇ ਪਿਛਲੇ ਸਾਲ ਖਾਲਿਸਤਾਨੀ ਸਮਰਥਕ ਨਿੱਝਰ ਦੇ ਕਤਲ ਦੇ ਮਾਮਲੇ 'ਚ ਭਾਰਤ 'ਤੇ ਗੰਭੀਰ ਦੋਸ਼ ਲਗਾਏ ਹਨ। ਇਸ ਤੋਂ ਬਾਅਦ ਸੋਮਵਾਰ ਨੂੰ ਕੈਨੇਡਾ ਨੇ ਛੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ। ਇਸ ਦੌਰਾਨ ਕੈਨੇਡੀਅਨ ਚੈਨਲ ਸੀਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਪੰਨੂ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਦੇ ਇਸ਼ਾਰੇ 'ਤੇ ਕੀਤੀ ਗਈ ਹੈ।


Baljit Singh

Content Editor

Related News