ਸਰੀ ''ਚ ਸਜਾਇਆ ਗਿਆ ਨਗਰ ਕੀਰਤਨ, ਵੱਡੀ ਗਿਣਤੀ ''ਚ ਸੰਗਤਾਂ ਨੇ ਕੀਤੀ ਸ਼ਮੂਲੀਅਤ (ਤਸਵੀਰਾਂ)
Sunday, Aug 03, 2025 - 02:44 PM (IST)

ਵੈਨਕੂਵਰ (ਮਲਕੀਤ ਸਿੰਘ)- ਹਰੇਕ ਸਾਲ ਵਾਂਗ ਐਤਕੀ ਵੀਂ ਸਰੀ-ਡੈਲਟਾ ਦੇ ਸਕਾਟ ਰੋਡ 'ਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਤੋਂ ਮੀਰੀ ਪੀਰੀ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਕਾਰਨ ਸਮੁੱਚਾ ਸਰੀ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਨਜ਼ਰ ਆਇਆ| ਸਵੇਰ ਵੇਲੇ ਨਗਰ ਕੀਰਤਨ ਉਕਤ ਗੁਰੂ ਘਰ ਤੋਂ ਅਰਦਾਸ ਕਰਨ ਉਪਰੰਤ ਪੰਜਾਂ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਹੇਠ ਆਰੰਭ ਹੋਇਆ। ਇਹ ਨਗਰ ਕੀਰਤਨ ਸਰੀ ਸ਼ਹਿਰ ਦੇ ਤੈਅਸ਼ੁਦਾ ਰੂਟਾਂ ਰਾਹੀਂ ਹੁੰਦਾ ਹੋਇਆ ਬਾਅਦ ਦੁਪਹਿਰ ਉਕਤ ਗੁਰੂ ਘਰ ਚ ਸੰਪੰਨ ਹੋਇਆ।
ਇਸ ਨਗਰ ਕੀਰਤਨ 'ਚ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਢਾਡੀ ,ਰਾਗੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਵੱਖ-ਵੱਖ ਸਟੇਜਾਂ ਤੋਂ ਅੱਜ ਦੇ ਇਤਿਹਾਸਿਕ ਦਿਨ ਦੀ ਮਹੱਤਤਾ ਸਬੰਧੀ ਹਾਜ਼ਰ ਸੰਗਤਾਂ ਨੂੰ ਚਾਨਣਾ ਪਾਇਆ ਗਿਆ| ਨਗਰ ਕੀਰਤਨ ਦੇ ਨਿਰਧਾਰਿਤ ਕੀਤੇ ਰੂਟਾਂ ਕਾਰਨ ਆਮ ਰਾਹਗੀਰਾਂ ਲਈ ਸਰੀ ਸਿਟੀ ਅਤੇ ਸਰੀ ਪੁਲਿਸ ਵੱਲੋਂ ਬਦਲਵੇ ਰੂਟਾਂ ਦੇ ਪ੍ਰਬੰਧ ਕੀਤੇ ਗਏ ਸਨ। ਇਸ ਨਗਰ ਕੀਰਤਨ 'ਚ ਤੈਅਸ਼ੁਦਾ ਰੂਟਾਂ ਤੇ ਵੱਖ-ਵੱਖ ਪਰਿਵਾਰਾਂ ਅਤੇ ਕਾਰੋਬਾਰੀ ਅਦਾਰਿਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦੇ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਗਏ ਸਨ। ਨਗਰ ਕੀਰਤਨ ਚ ਸ਼ਾਮਿਲ ਵੱਖ-ਵੱਖ ਗਤਕਾ ਜਥਿਆਂ ਵੱਲੋਂ ਪੁਰਾਤਨ ਸਿੱਖ ਇਤਿਹਾਸ ਨੂੰ ਦਰਸਾਉਂਦੇ ਸ਼ਾਸਤਰਾਂ ਨਾਲ ਦਿਖਾਏ ਗਏ ਗਤਕੇ ਦੇ ਜੌਹਰਾਂ ਨਾਲ ਇਕੇਰਾਂ ਜੰਗਾਜੂ ਦ੍ਰਿਸ਼ ਸਿਰਜਿਆ ਮਹਿਸੂਸ ਹੋਇਆ|
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬ ਦੀ ਧੀ ਸਿਮਰਨ ਸਿੰਘ ਨੇ ਵਧਾਇਆ ਮਾਣ, ਇਟਲੀ 'ਚ ਹਾਸਲ ਕੀਤੀ ਇਹ ਉਪਲਬਧੀ
ਨਿਹੰਗ ਸਿੰਘਾਂ ਦੇ ਬਾਣੇ 'ਚ ਸੱਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਿੰਘਾਂ ਵੱਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦੀ ਸਹੂਲਤ ਲਈ ਠੰਡੀ ਸ਼ਰਦਾਈ ਦੇ ਲਗਾਏ ਗਏ ਖੁੱਲੇ ਲੰਗਰਾਂ ਮੂਹਰੇ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨਜ਼ਰੀ ਆਈਆਂ। ਇਸ ਤੋਂ ਇਲਾਵਾ ਬਾਬਾ ਭਾਈ ਰੂਪ ਚੰਦ ਚੈਰੀਟੇਬਲ ਸੁਸਾਇਟੀ ਭਾਈ ਰੂਪਾ (ਬਠਿੰਡਾ) ਦੀਆਂ ਸੰਗਤਾਂ ਵੱਲੋਂ ਹਦਵਾਣਿਆਂ ਦੇ ਲੰਗਰਾਂ ਦੇ ਵੱਡੀ ਪੱਧਰ 'ਤੇ ਕੀਤੇ ਗਏ ਇੰਤਜ਼ਾਮ ਵੀ ਸਲਾਹੁਣਯੋਗ ਸਨ। ਇਸ ਮੌਕੇ 'ਤੇ ਦਸਤਾਰ ਅਤੇ ਸਿੱਖ ਸਾਹਿਤ ਕੈਂਪ ਦੌਰਾਨ ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਵੱਲ ਪ੍ਰੇਰਿਤ ਕਰਨ ਲਈ ਦਸਤਾਰ ਸਜਾਉਣ ਬਾਰੇ ਵੀ ਸਿੱਖਿਅਤ ਕੀਤਾ ਗਿਆ। ਨਗਰ ਕੀਰਤਨ 'ਚ ਕੁਝ ਟਰੈਕਟਰਾਂ ਦੀ ਸ਼ਮੂਲੀਅਤ ਨਾਲ ਪੰਜਾਬ 'ਚ ਸਜਾਏ ਜਾਂਦੇ ਨਗਰ ਕੀਰਤਨਾਂ ਵਰਗਾ ਦ੍ਰਿਸ਼ ਸਿਰਜਿਆ ਮਹਿਸੂਸ ਹੋਇਆ। ਅਖੀਰ 'ਚ ਉਕਤ ਗੁਰੂ ਕਰਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਜੌਹਲ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵੱਲੋਂ ਨਗਰ ਕੀਰਤਨ 'ਚ ਸ਼ਾਮਿਲ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।