ਸਰੀ ''ਚ ‘ਮੇਲਾ ਗਦਰੀ ਬਾਬਿਆਂ ਦਾ’ ਆਯੋਜਿਤ, ਪੰਜਾਬੀ ਕਲਾਕਾਰਾਂ ਨੇ ਕਰਵਾਈ ਬੱਲੇ ਬੱਲੇ!

Sunday, Jul 27, 2025 - 02:25 PM (IST)

ਸਰੀ ''ਚ ‘ਮੇਲਾ ਗਦਰੀ ਬਾਬਿਆਂ ਦਾ’ ਆਯੋਜਿਤ, ਪੰਜਾਬੀ ਕਲਾਕਾਰਾਂ ਨੇ ਕਰਵਾਈ ਬੱਲੇ ਬੱਲੇ!

ਵੈਨਕੂਵਰ (ਮਲਕੀਤ ਸਿੰਘ)- ਗਦਰੀ ਬਾਬਿਆਂ ਦੀ ਯਾਦ ਵਿਚ ਹਰ ਸਾਲ ਵਾਂਗ ਐਤਕੀ ਵੀ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਦੇ ਸਹਿਯੋਗ ਨਾਲ ਸਰੀ 'ਚ ਮੇਲਾ ਆਯੋਜਿਤ ਕਰਵਾਇਆ ਗਿਆ। 29ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਦੇਰ ਰਾਤ ਸਮਾਪਤ ਹੋ ਗਿਆ| ਸਰੀ ਦੇ ਸਭ ਤੋਂ ਵੱਡੇ ਬੇਅਰ ਕ੍ਰੀਕ ਪਾਰਕ 'ਚ ਦੁਪਹਿਰ 12 ਵਜੇ ਆਰੰਭ ਹੋਏ ਇਸ ਵਿਸ਼ਵ ਪੱਧਰੀ ਮੇਲੇ 'ਚ ਗਦਰੀ ਬਾਬਿਆਂ ਦੀਆਂ ਇਤਿਹਾਸਿਕ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ 'ਤੇ ਪ੍ਰਬੰਧਕਾਂ ਵੱਲੋਂ ਬੜੇ ਹੀ ਸੁਚਾਰੂ ਢੰਗ ਨਾਲ ਉਲੀਕੀ ਵਿਉਂਤਬੰਦੀ ਤਹਿਤ ਪਾਰਕ ਦੇ ਇੱਕ ਹਿੱਸੇ ਦੀ ਗਰਾਊਂਡ 'ਚ ਸਜਾਏ ਗਏ ਵੱਡ ਅਕਾਰੀ ਮੰਚ ਤੋਂ ਪੰਜਾਬ 'ਚੋਂ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਮੁੱਖ ਗਾਇਕ ਅਤੇ ਗਾਇਕਾਵਾਂ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਪੜਾਅਵਾਰ ਲਗਾਈ ਗਈ ਛਹਿਬਰ ਨਾਲ ਰਾਤ 9 ਵਜੇ ਤੱਕ ਮਾਹੌਲ ਰੰਗੀਨ ਬਣਿਆ ਨਜ਼ਰੀਂ ਆਇਆ| 

ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁਖੀ ,ਜਸਵੰਤ ਸੰਦੀਲਾ, ਸੁੱਖੀ ਬਰਾੜ ,ਹਰਜਿੰਦਰ ਸਹੋਤਾ ,ਸੁਖ ਧਾਲੀਵਾਲ ,ਸਿਮਰਨ ਸਹੋਤਾ ,ਇੰਦਰ ਢੱਟ ,ਰਣਜੀਤ ਕੌਰ ,ਗੁਰਵਿੰਦਰ ਬਰਾੜ ,ਚਮਕੌਰ ਸੇਖੋਂ ,ਵਿਜੇ ਯਮਲਾ ,ਨਵਦੀਪ ,ਅਰਸ਼ ਰਿਆਜ , ਪਰਵੇਜ਼ ਗਿੱਲ ਅਤੇ ਜੱਸੜ ਵੱਲੋਂ ਪੇਸ਼ ਕੀਤੇ ਗੀਤਾਂ ਦੇ ਸੁਰਾ 'ਤੇ ਉੱਥੇ ਮੌਜੂਦ ਸੈਂਕੜੇ ਸਰੋਤੇ ਝੂਮਦੇ ਵੇਖੇ ਗਏ| ਇਸ ਰੰਗਾਂ ਰੰਗ ਪ੍ਰੋਗਰਾਮ ਦੌਰਾਨ ਉੱਘੇ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਜਦੋਂ ਆਪਣਾ ਚਰਚਿਤ ਗੀਤ ‘ਨੀ ਤੇਰੇ ਵੰਗਾਂ ਪਸੰਦ ਨਾ ਆਈਆਂ, ਸਾਰਾ ਤੂੰ ਪੰਜਾਬ ਗਾਹ ਲਿਆ ……!’ ਪੇਸ਼ ਕੀਤਾ ਗਿਆ ਤਾਂ ਗਰਾਊਂਡ ਚ ਮੌਜੂਦ ਸੈਂਕੜੇ ਪੰਜਾਬੀ ਆਪ ਮੁਹਾਰੇ ਨੱਚਣ ਲਈ ਮਜਬੂਰ ਹੋਏ ਵੇਖੇ ਗਏ| ਅਰਸ਼ ਰਿਆਜ, ਪਰਵਾਜ਼ ਗਿੱਲ ਜੱਸੜ ਦੀ  ਸਾਂਝੀ ਟੀਮ ਵੱਲੋਂ ‘ਭਾਬੋ ਨੀ ਇੱਕ ਜੋਗੀ ਆ ਗਿਆ’ ਨੂੰ ਵੀਂ ਸਰੋਤਿਆਂ ਵੱਲੋਂ ਕਾਫੀ ਸਲਾਹਿਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਜੰਗਬੰਦੀ ਦੀ ਆਸ! ਕੰਬੋਡੀਆ ਨੇ ਮੰਨੀ ਟਰੰਪ ਦੀ ਗੱਲ

ਇਸ ਮੌਕੇ 'ਤੇ ਹਾਜ਼ਰ ਹੋਈਆਂ ਸਿਆਸੀ ਸ਼ਖਸੀਅਤਾਂ 'ਚ ਸਪੀਕਰ ਰਾਜ ਚੌਹਾਨ,ਐਮਪੀ ਸੁਖ ਧਾਲੀਵਾਲ ,ਗੁਰਬਖਸ ਸੈਣੀ ,ਜਗਰੂਪ ਬਰਾੜ ,ਜੈਸੀ ਸੁੰਨੜ ,ਆਮਨਾ ਸ਼ਾਹ, ਗੈਰੀ ਬੱਗ ਦੇ ਨਾਮ ਜ਼ਿਕਰਯੋਗ ਹਨ। ਇਸ ਮੌਕੇ 'ਤੇ ਉਕਤ ਫਾਊਂਡੇਸ਼ਨ ਵੱਲੋਂ ਪਾਸ ਕੀਤੇ ਗਏ ਮਤਿਆਂ ਵਿੱਚ ਭਾਈ ਮੇਵਾ ਸਿੰਘ ਦਾ ਅਦਾਲਤੀ ਰਿਕਾਰਡ ਦਰੁਸਤ ਕਰਨ, ਸਰੀ ਦੀ 128 ਸਟਰੀਟ ਦਾ ਨਾਮ ਗੁਰੂ ਨਾਨਕ ਦੇਵ ਜੀ ਮਾਰਗ ਰੱਖਣ ਅਤੇ ਸਰਕਾਰੀ ਖਰੜੇ 'ਚ ਗੁਰੂ ਨਾਨਕ ਦੇਵ ਜੀ ਸਟੀਮਰ ਕੰਪਨੀ ਦਾ ਨਾਮ ਸ਼ਾਮਿਲ ਕੀਤੇ ਜਾਣ ਦੀ ਮੰਗ ਕੀਤੀ ਗਈ। ਇਸ ਦੌਰਾਨ ਉੱਘੇ ਦੌੜਾਕ ਫੌਜਾ ਸਿੰਘ ਅਤੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ| ਅਖੀਰਲੇ ਪੜਾਅ ਦੌਰਾਨ ਪ੍ਰਬੰਧਕਾਂ ਵੱਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਨਿਵਾਜਿਆ ਗਿਆ। ਸਭ ਤੋਂ ਅਖੀਰ 'ਚ ਸਾਹਿਬ ਸਿੰਘ ਥਿੰਦ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਮੇਲੇ 'ਚ ਆਏ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ 'ਤੇ ਗੁਰਬਾਜ ਸਿੰਘ ਬਰਾੜ ,ਰਜਿੰਦਰਜੀਤ ਸਿੰਘ ਧਾਮੀ, ਬਲਬੀਰ ਬੈਂਸ ਅਤੇ  ਚੇਅਰਮੈਨ ਅਜਮੇਰ ਸਿੰਘ ਆਦਿ ਹਾਜ਼ਰ ਸਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News