ਯੂਗਾਂਡਾ ''ਚ ਇਬੋਲਾ ਵਾਇਰਸ ਦਾ ਕਹਿਰ, ਇਕ ਵਿਅਕਤੀ ਦੀ ਮੌਤ
Tuesday, Sep 20, 2022 - 04:48 PM (IST)
ਕੰਪਾਲਾ (ਏਜੰਸੀ)- ਮੱਧ ਯੂਗਾਂਡਾ ਵਿਚ ਘਾਤਕ ਵਾਇਰਸ ਇਬੋਲਾ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਇੱਕ ਵਿਅਕਤੀ ਨੂੰ 15 ਸਤੰਬਰ ਨੂੰ ਇਬੋਲਾ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਮੁਬੇਂਡੇ ਖੇਤਰੀ ਰੈਫਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਪਰ ਸੋਮਵਾਰ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ ਅਜੇ ਤੱਕ ਪਤਾ ਨਹੀਂ ਲੱਗਾ ਕਿ ਉਹ ਵਿਅਕਤੀ ਇਬੋਲਾ ਨਾਲ ਸੰਕਰਮਿਤ ਕਿਵੇਂ ਹੋਇਆ। ਸਥਾਨਕ ਭਾਈਚਾਰਿਆਂ ਵੱਲੋਂ ਅਜੀਬ ਬਿਮਾਰੀਆਂ ਨਾਲ ਲੋਕਾਂ ਦੇ ਮਰਨ ਦੀ ਰਿਪੋਰਟ ਤੋਂ ਬਾਅਦ ਹੋਰ 6 ਮੌਤਾਂ ਦੀ ਜਾਂਚ ਕੀਤੀ ਗਈ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਗੁਆਂਢੀ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਇਬੋਲਾ ਦੇ ਮਾਮਲੇ ਦੀ ਘੋਸ਼ਣਾ ਤੋਂ ਬਾਅਦ ਪਿਛਲੇ ਮਹੀਨੇ ਯੂਗਾਂਡਾ ਨੇ ਆਪਣੀ ਪੱਛਮੀ ਸਰਹੱਦ 'ਤੇ ਨਿਗਰਾਨੀ ਤੇਜ਼ ਕਰ ਦਿੱਤੀ ਸੀ। ਸਿਹਤ ਮੰਤਰਾਲਾ ਨੇ ਕਿਹਾ ਕਿ 21 ਸਰਹੱਦੀ ਜ਼ਿਲ੍ਹੇ ਬਿਮਾਰੀ ਫੈਲਣ ਦੇ ਉੱਚ ਖ਼ਤਰੇ ਵਿੱਚ ਹਨ। ਮੰਤਰਾਲਾ ਅਨੁਸਾਰ ਪਿਛਲੇ ਦੋ ਦਹਾਕਿਆਂ ਵਿੱਚ ਯੂਗਾਂਡਾ ਵਿੱਚ ਇਬੋਲਾ ਦੇ 5 ਤੋਂ ਵੱਧ ਰੂਪਾਂ ਦੇ ਪ੍ਰਕੋਪ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਦੇ ਪੱਛਮੀ ਖੇਤਰਾਂ ਵਿੱਚ ਹੋਏ ਹਨ।
ਇਬੋਲਾ ਵਾਇਰਸ ਬਹੁਤ ਜ਼ਿਆਦਾ ਛੂਤ ਵਾਲਾ ਹੈ ਅਤੇ ਬੁਖਾਰ, ਉਲਟੀਆਂ, ਦਸਤ, ਦਰਦ, ਅਤੇ ਕਈ ਵਾਰ ਅੰਦਰੂਨੀ ਅਤੇ ਬਾਹਰੀ ਖੂਨ ਵਹਿਣ ਸਮੇਤ ਕਈ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ। ਡਬਲਯੂ.ਐੱਚ.ਓ. ਅਨੁਸਾਰ, ਇਬੋਲਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਮੌਤ ਦਰ ਦਾ ਫ਼ੀਸਦੀ 50 ਤੋਂ 89 ਤੱਕ ਹੈ, ਲਾਗ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।