ਯੂ.ਏ.ਈ. 'ਚ ਭਾਰਤੀ ਸੋਸ਼ਲ ਵਰਕਰ ਨੇ ਕੀਤੀ ਖੁਦਕੁਸ਼ੀ

12/10/2018 3:01:30 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 35 ਸਾਲ ਦੇ ਇਕ ਮਸ਼ਹੂਰ ਭਾਰਤੀ ਸੋਸ਼ਲ ਵਰਕਰ ਨੇ ਆਪਣੇ ਘਰ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਇਕ ਅੰਗਰੇਜ਼ੀ ਅਖਬਾਰ ਦੀ ਐਤਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਸੰਦੀਪ ਵੇਲਾਲੁਰ ਨੇ ਇਕ ਟਰਾਂਸਪੋਰਟ ਕੰਪਨੀ ਸ਼ੁਰੂ ਕੀਤੀ ਸੀ, ਜਿਸ ਵਿਚ ਬਹੁਤ ਘਾਟਾ ਹੋਣ ਕਾਰਨ ਉਸ ਨੇ ਕਥਿਤ ਰੂਪ ਨਾਲ ਫਾਹਾ ਲੈ ਲਿਆ। ਉਹ ਰਾਸ ਅਲ ਖੈਮਾਹ (ਆਰ.ਏ.ਕੇ.) ਵਿਚ ਇਮੀਗ੍ਰੇਸ਼ਨ ਵਿਭਾਗ ਵਿਚ ਸਟਾਫ ਸਰਵੇਅਰ ਸੀ। ਵੇਲਾਲੁਰ ਮਸ਼ਹੂਰ ਸੋਸ਼ਲ ਵਰਕਰ ਸਨ। ਜਦੋਂ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਉਸ ਸਮੇਂ ਉਨ੍ਹਾਂ ਨਾਲ ਰਹਿਣ ਵਾਲੇ ਦੂਜੇ ਦੋ ਸਾਥੀ ਘਰ ਵਿਚ ਨਹੀਂ ਸਨ। 

3 ਬੱਚਿਆਂ ਦੇ ਪਿਤਾ ਵੇਲਾਲੁਰ ਨੇ ਆਪਣੇ ਪਰਿਵਾਰ ਨੂੰ 3 ਸਾਲ ਪਹਿਲਾਂ ਭਾਰਤ ਭੇਜ ਦਿੱਤਾ ਸੀ ਅਤੇ ਆਰ.ਏ.ਕੇ. ਇਮੀਗ੍ਰੇਸ਼ਨ ਵਿਭਾਗ ਦੇ ਪਿੱਛੇ ਇਕ ਮਕਾਨ ਵਿਚ ਆਪਣੇ ਦੋਸਤਾਂ ਨਾਲ ਰਹਿ ਰਿਹਾ ਸੀ। ਖਬਰ ਮੁਤਾਬਕ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਬਈ ਵਿਚ ਭਾਰਤੀ ਵਣਜ ਦੂਤਘਰ ਵੱਲੋਂ ਹਾਲ ਵਿਚ ਹੀ ਗਠਿਤ ਇਕ ਮੈਡੀਕਲ ਕਮੇਟੀ ਨਾਲ ਜੁੜੇ ਸੋਸ਼ਲ ਵਰਕਰ ਪ੍ਰਸਾਦ ਸ਼੍ਰੀਧਰਨ ਨੇ ਕਿਹਾ ਕਿ ਕੰਮ ਤੋਂ ਪਰਤਣ ਦੇ ਬਾਅਦ ਵੇਲਾਲੁਰ ਦੇ ਦੋਸਤਾਂ ਨੇ ਘਰ ਦਾ ਦਰਵਾਜਾ ਅੰਦਰੋਂ ਬੰਦ ਪਾਇਆ। ਉਨ੍ਹਾਂ ਨੂੰ ਅੰਦਰ ਜਾਣ ਲਈ ਤਾਲਾ ਤੋੜਨਾ ਪਿਆ। ਅੰਦਰ ਜਾਣ 'ਤੇ ਉਹ ਉਨ੍ਹਾਂ ਨੂੰ ਪੱਖੇ ਨਾਲ ਲਟਕਦਾ ਦੇਖ ਕੇ ਹੈਰਾਨ ਰਹਿ ਗਏ। ਵੇਲਾਲੁਰ ਯੁਲਨ ਕਲਾ ਕਮੇਟੀ ਦੇ ਜਨਰਲ ਸਕੱਤਰ ਸਨ ਅਤੇ ਫ੍ਰੈਂਡਸ ਕ੍ਰਿਕਟ ਐਸੋਸੀਏਸ਼ਨ ਦੇ ਟੀਮ ਲੀਡਰ ਵੀ ਸਨ। ਸ਼੍ਰੀਧਰਨ ਮੁਤਾਬਕ,''ਉਨ੍ਹਾਂ ਨੇ ਇਕ ਭਾਰਤੀ ਕਰਮਚਾਰੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਮਦਦ ਦਿੱਤੀ ਸੀ ਜੋ 2017 ਵਿਚ ਆਰ.ਏ.ਕੇ. ਵਿਚ ਇਕ ਸੜਕ ਹਾਦਸੇ ਵਿਚ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ ਸੀ।''


Vandana

Content Editor

Related News