ਕੋਰੋਨਾ ਆਫ਼ਤ : UAE ਨੇ ਯਾਤਰਾ ਸਬੰਧੀ ਨਵੇਂ ਨਿਰਦੇਸ਼ ਕੀਤੇ ਜਾਰੀ, 10 ਜਨਵਰੀ ਤੋਂ ਨਿਯਮ ਲਾਗੂ

Sunday, Jan 02, 2022 - 05:58 PM (IST)

ਕੋਰੋਨਾ ਆਫ਼ਤ : UAE ਨੇ ਯਾਤਰਾ ਸਬੰਧੀ ਨਵੇਂ ਨਿਰਦੇਸ਼ ਕੀਤੇ ਜਾਰੀ, 10 ਜਨਵਰੀ ਤੋਂ ਨਿਯਮ ਲਾਗੂ

ਦੁਬਈ (ਬਿਊਰੋ): ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਵੇਰੀਐਂਟ ਨੇ ਦੁਨੀਆ ਭਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਵਿਚਕਾਰ ਸੰਯੁਕਤ ਅਰਬ ਅਮੀਰਾਤ (UAE) ਨੇ ਕੋਵਿਡ ਵੈਕਸੀਨ ਨਾ ਲੈਣ ਵਾਲੇ ਆਪਣੇ ਨਾਗਰਿਕਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਅੰਤਰਰਾਸ਼ਟਰੀ ਯਾਤਰੀਆਂ ਲਈ ਪੀਸੀਆਰ ਟੈਸਟ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਿਯਮ 10 ਜਨਵਰੀ ਤੋਂ ਲਾਗੂ ਹੋਵੇਗਾ।

ਨਿਊਜ਼ ਏਜੰਸੀ ਡਬਲਯੂਏਐਮ ਨੇ ਸ਼ਨੀਵਾਰ ਨੂੰ ਵਿਦੇਸ਼ ਮੰਤਰਾਲੇ ਅਤੇ ਰਾਸ਼ਟਰੀ ਸੰਕਟਕਾਲੀਨ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਕੋਰੋਨਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲਗਵਾਈਆਂ ਹਨ, ਉਹਨਾਂ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਹ ਪਾਬੰਦੀ 10 ਜਨਵਰੀ ਤੋਂ ਲਾਗੂ ਹੋਵੇਗੀ।ਇਸ ਦੇ ਇਲਾਵਾ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਨਾਗਰਿਕਾਂ ਨੂੰ ਯਾਤਰਾ ਕਰਨ ਦੇ ਯੋਗ ਹੋਣ ਲਈ ਇੱਕ ਬੂਸਟਰ ਡੋਜ਼ ਦੀ ਵੀ ਲੋੜ ਹੋਵੇਗੀ। ਅਜਿਹੀ ਸਥਿਤੀ ਵਿੱਚ, ਲੋਕਾਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਤੋਂ ਬਾਅਦ ਵੀ ਤੀਜੀ ਖੁਰਾਕ (ਬੂਸਟਰ) ਲੈਣੀ ਜ਼ਰੂਰੀ ਹੋਵੇਗੀ। ਇਹ ਪਾਬੰਦੀ ਮੈਡੀਕਲ ਜਾਂ ਮਾਨਵਤਾਵਾਦੀ ਛੋਟਾਂ ਵਾਲੇ ਲੋਕਾਂ 'ਤੇ ਲਾਗੂ ਨਹੀਂ ਹੋਵੇਗੀ। ਇਹ ਯੂਏਈ ਦੇ ਪ੍ਰਸ਼ਾਸਨ ਦੁਆਰਾ ਨਿਰਧਾਰਤ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ - ਓਮੀਕਰੋਨ ਦਾ ਖ਼ੌਫ਼, ਫਰਾਂਸ 'ਚ 6 ਸਾਲ ਦੇ ਬੱਚਿਆਂ ਲਈ ਮਾਸਕ ਪਾਉਣਾ ਹੋਇਆ ਲਾਜ਼ਮੀ

ਅੰਤਰਰਾਸ਼ਟਰੀ ਯਾਤਰੀਆਂ ਦਾ ਪੀਸੀਆਰ ਟੈਸਟ ਵੀ ਲਾਜ਼ਮੀ
ਦੁਬਈ ਇੰਟਰਨੈਸ਼ਨਲ ਹਵਾਈ ਅੱਡਾ ਹੁਣ ਕੁਝ ਉਡਾਣਾਂ ਵਿਚ ਆਉਣ ਵਾਲੇ ਯਾਤਰੀਆਂ ਦਾ ਰੈਂਡਮ ਪੀਸੀਆਰ ਟੈਸਟ ਕਰੇਗਾ। ਨਵੇਂ ਆਦੇਸ਼ ਮੁਤਾਬਕ ਬ੍ਰਾਜ਼ੀਲ, ਭਾਰਤ, ਬੰਗਲਾਦੇਸ਼, ਰੂਸ ਅਤੇ ਪਾਕਿਸਤਾਨ ਵਰਗੇ ਕੁਝ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲਾਜ਼ਮੀ ਟੈਸਟਿੰਗ ਤੋਂ ਲੰਘਣਾ ਹੋਵੇਗਾ। ਦੁਬਈ ਮੀਡੀਆ ਦਫਤਰ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਉਡਾਣਾਂ 'ਤੇ ਆਉਣ ਵਾਲੇ ਯਾਤਰੀਆਂ ਲਈ ਵਾਧੂ ਜਾਂਚ ਵੀ ਕੀਤੀ ਜਾ ਰਹੀ ਹੈ ਜੋ ਸਕ੍ਰੀਨਿੰਗ ਸੂਚੀ ਵਿੱਚ ਨਹੀਂ ਹਨ। ਇਸ ਤੋਂ ਇਲਾਵਾ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਦੁਬਈ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਨ੍ਹਾਂ ਦਾ ਟੈਸਟ ਕੀਤਾ ਗਿਆ ਸੀ ਪਰ ਯੂਕੇ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ ਜਿੱਥੇ ਪੀਸੀਆਰ ਟੈਸਟਿੰਗ ਲਾਜ਼ਮੀ ਹੈ।

ਯੂਏਈ ਵਿਚ 24 ਘੰਟੇ ਵਿਚ 2556 ਨਵੇਂ ਮਾਮਲੇ
ਯੂਏਈ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2556 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਦੇ ਕੁੱਲ ਮਾਮਲੇ 7,64,493 ਤੱਕ ਪਹੁੰਚ ਗਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 2,165 ਹੋ ਗਈ ਹੈ। ਦੁਬਈ ਮੀਡੀਆ ਨੇ ਖਲੀਜ਼ ਟਾਈਮਜ਼ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਪੀਸੀਆਰ ਟੈਸਟ ਅਮੀਰਾਤ ਦੀ ਵੈੱਬਸਾਈਟ 'ਤੇ ਰਿਕਾਰਡ ਕੀਤੀਆਂ ਉਡਾਣਾਂ ਲਈ ਲਾਜ਼ਮੀ ਹੈ। ਬਿਆਨ ਮੁਤਾਬਕ ਵਾਧੂ ਸਾਵਧਾਨੀ ਦੇ ਉਪਾਅ ਵਜੋਂ, ਦੁਬਈ ਹਵਾਈ ਅੱਡਾ ਕੁਝ ਉਡਾਣਾਂ ਦੇ ਆਉਣ 'ਤੇ ਰੈਂਡਮ ਟੈਸਟ ਕਰ ਸਕਦਾ ਹੈ। ਯੂਕੇ ਤੋਂ ਦੁਬਈ ਪਹੁੰਚਣ ਵਾਲੇ ਸਾਰੇ ਯਾਤਰੀਆਂ ਕੋਲ ਇੱਕ ਨਕਾਰਾਤਮਕ ਕੋਵਿਡ-19 ਪੀਸੀਆਰ ਟੈਸਟ ਰਿਪੋਰਟ ਹੋਣੀ ਲਾਜ਼ਮੀ ਹੈ ਜੋ  ਫਲਾਈਟ ਤੋਂ ਵੱਧ ਤੋਂ ਵੱਧ 72 ਘੰਟੇ ਪਹਿਲਾਂ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ।

ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News