UAE ਵੱਲੋਂ 16 ਬੈਲਿਸਟਿਕ ਮਿਜ਼ਾਈਲਾਂ ਤੇ 42 ਡਰੋਨ ਢੇਰ, ਈਰਾਨ ਨੇ ਦਿੱਤੀ ਖਾੜੀ ਦੇਸ਼ਾਂ ਨੂੰ ਧਮਕੀ
Monday, Mar 30, 2026 - 05:36 PM (IST)
ਅਬੂ ਧਾਬੀ: ਸੰਯੁਕਤ ਅਰਬ ਅਮੀਰਾਤ (UAE) ਅਤੇ ਈਰਾਨ ਵਿਚਾਲੇ ਜੰਗੀ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ ਯੂਏਈ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਈਰਾਨ ਵੱਲੋਂ ਦਾਗੀਆਂ ਗਈਆਂ 16 ਬੈਲਿਸਟਿਕ ਮਿਜ਼ਾਈਲਾਂ ਅਤੇ 42 ਮਨੁੱਖ ਰਹਿਤ ਹਵਾਈ ਵਾਹਨਾਂ (UAVs) ਨੂੰ ਸਫਲਤਾਪੂਰਵਕ ਰੋਕ ਕੇ ਨਸ਼ਟ ਕਰ ਦਿੱਤਾ।
ਭਾਰੀ ਜਾਨੀ ਨੁਕਸਾਨ ਦੀ ਖ਼ਬਰ
ਯੂਏਈ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਨ੍ਹਾਂ ਹਮਲਿਆਂ ਦੌਰਾਨ ਦੇਸ਼ ਦੀ ਸੇਵਾ ਕਰਦੇ ਹੋਏ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਹਨ। ਇਸ ਤੋਂ ਇਲਾਵਾ, ਇੱਕ ਨਿੱਜੀ ਠੇਕੇਦਾਰ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋਈ ਹੈ ਅਤੇ 178 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹੁਣ ਤੱਕ ਦੀਆਂ ਕਾਰਵਾਈਆਂ ਦੇ ਅੰਕੜੇ
ਮੰਤਰਾਲੇ ਨੇ ਖੁਲਾਸਾ ਕੀਤਾ ਕਿ ਜਦੋਂ ਤੋਂ ਈਰਾਨ ਨੇ ਹਮਲੇ ਸ਼ੁਰੂ ਕੀਤੇ ਹਨ, ਯੂਏਈ ਦੀ ਹਵਾਈ ਸੁਰੱਖਿਆ ਨੇ ਹੁਣ ਤੱਕ ਕੁੱਲ 414 ਬੈਲਿਸਟਿਕ ਮਿਜ਼ਾਈਲਾਂ, 15 ਕਰੂਜ਼ ਮਿਜ਼ਾਈਲਾਂ ਅਤੇ 1914 ਡਰੋਨਾਂ ਨੂੰ ਨਾਕਾਮ ਕੀਤਾ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਪ੍ਰਭੂਸੱਤਾ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਕਿਸੇ ਵੀ ਖਤਰੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਈਰਾਨ ਦੀ ਅਮਰੀਕਾ ਅਤੇ ਖਾੜੀ ਦੇਸ਼ਾਂ ਨੂੰ ਚਿਤਾਵਨੀ
ਦੂਜੇ ਪਾਸੇ, ਈਰਾਨ ਦੀ ਸੰਸਦ ਦੇ ਸਪੀਕਰ ਐਮਬੀ ਘਾਲੀਬਾਫ ਨੇ ਅਮਰੀਕਾ 'ਤੇ ਗੁਪਤ ਤੌਰ 'ਤੇ ਜ਼ਮੀਨੀ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਖਾੜੀ ਦੇ ਗੁਆਂਢੀ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਦੇਸ਼ ਅਮਰੀਕਾ ਨੂੰ ਆਪਣੀ ਧਰਤੀ ਤੋਂ ਹਮਲਾ ਕਰਨ ਦੀ ਇਜਾਜ਼ਤ ਦੇ ਰਹੇ ਹਨ, ਉਨ੍ਹਾਂ ਨੂੰ ਇਸ ਦੀ ਭਾਰੀ ਸਜ਼ਾ ਭੁਗਤਣੀ ਪਵੇਗੀ।
ਅਮਰੀਕਾ ਦੀ ਵੱਡੀ ਤਿਆਰੀ
'ਵਾਸ਼ਿੰਗਟਨ ਪੋਸਟ' ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਰੀਕੀ ਰੱਖਿਆ ਵਿਭਾਗ (ਪੈਂਟਾਗਨ) ਈਰਾਨ ਵਿੱਚ ਸੀਮਤ ਜ਼ਮੀਨੀ ਕਾਰਵਾਈਆਂ ਦੀ ਤਿਆਰੀ ਕਰ ਰਿਹਾ ਹੈ। ਇਸ ਵਿੱਚ ਖਾਰਗ ਟਾਪੂ ਅਤੇ ਹੋਰ ਅਹਿਮ ਤੱਟਵਰਤੀ ਇਲਾਕਿਆਂ 'ਤੇ ਛਾਪੇਮਾਰੀ ਸ਼ਾਮਲ ਹੋ ਸਕਦੀ ਹੈ, ਜਿਸ ਨਾਲ ਖੇਤਰ ਵਿੱਚ ਜੰਗ ਦਾ ਖਤਰਾ ਹੋਰ ਗਹਿਰਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
