ਰੂਸ ਦਾ ਯੂਕਰੇਨ 'ਤੇ ਵੱਡਾ ਹਮਲਾ, ਹਾਈਪਰਸੋਨਿਕ 'ਓਰੇਸ਼ਨਿਕ' ਸਣੇ 600 ਡਰੋਨ ਤੇ 90 ਮਿਜ਼ਾਈਲਾਂ ਦਾਗੀਆਂ

Sunday, May 24, 2026 - 07:52 PM (IST)

ਰੂਸ ਦਾ ਯੂਕਰੇਨ 'ਤੇ ਵੱਡਾ ਹਮਲਾ, ਹਾਈਪਰਸੋਨਿਕ 'ਓਰੇਸ਼ਨਿਕ' ਸਣੇ 600 ਡਰੋਨ ਤੇ 90 ਮਿਜ਼ਾਈਲਾਂ ਦਾਗੀਆਂ

ਇੰਟਰਨੈਸ਼ਨਲ ਡੈਸਕ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੇ ਇੱਕ ਹੋਰ ਭਿਆਨਕ ਰੂਪ ਧਾਰ ਲਿਆ ਹੈ। ਰੂਸ ਨੇ ਐਤਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਖ਼ੌਫ਼ਨਾਕ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਰੂਸ ਵੱਲੋਂ ਕਰੀਬ 600 ਡਰੋਨ ਅਤੇ 90 ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਪੂਰੀ ਰਾਜਧਾਨੀ ਵਿੱਚ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਇਸ ਹਮਲੇ ਦੌਰਾਨ ਆਪਣੀ ਸਭ ਤੋਂ ਖਤਰਨਾਕ ਅਤੇ ਵਿਨਾਸ਼ਕਾਰੀ ਹਾਈਪਰਸੋਨਿਕ 'ਓਰੇਸ਼ਨਿਕ' (Oreshnik) ਬੈਲਿਸਟਿਕ ਮਿਜ਼ਾਈਲ ਦੀ ਵਰਤੋਂ ਕੀਤੀ ਹੈ। ਚਾਰ ਸਾਲਾਂ ਤੋਂ ਜਾਰੀ ਇਸ ਜੰਗ ਵਿੱਚ ਇਹ ਸਿਰਫ਼ ਤੀਜੀ ਵਾਰ ਹੈ ਜਦੋਂ ਰੂਸ ਨੇ ਇਸ ਮਾਰੂ ਮਿਜ਼ਾਈਲ ਨੂੰ ਦਾਗਿਆ ਹੈ। ਦੱਸ ਦੇਈਏ ਕਿ ਜ਼ੇਲੇਨਸਕੀ ਪਹਿਲਾਂ ਹੀ ਇਸ ਮਿਜ਼ਾਈਲ ਦੇ ਹਮਲੇ ਦੀ ਚੇਤਾਵਨੀ ਦੇ ਚੁੱਕੇ ਸਨ।

ਇਸ ਭਿਆਨਕ ਹਮਲੇ ਵਿੱਚ ਹੁਣ ਤੱਕ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਐਤਵਾਰ ਦੀ ਪੂਰੀ ਰਾਤ ਕੀਵ ਦੇ ਲੋਕਾਂ ਲਈ ਬੇਹੱਦ ਡਰਾਉਣੀ ਰਹੀ। ਸ਼ਹਿਰ ਵਿੱਚ ਲਗਾਤਾਰ 'ਏਅਰ ਰੇਡ ਸਾਇਰਨ' ਵੱਜਦੇ ਰਹੇ ਅਤੇ ਅਸਮਾਨ ਵਿੱਚ ਧੂੰਏਂ ਦਾ ਗੁਬਾਰ ਛਾਇਆ ਰਿਹਾ। ਕਈ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਰਿਹਾਇਸ਼ੀ ਇਮਾਰਤਾਂ ਦੇ ਨੇੜੇ ਜ਼ਬਰਦਸਤ ਧਮਾਕੇ ਸੁਣੇ ਗਏ।

ਰਿਪੋਰਟਾਂ ਅਨੁਸਾਰ ਕੀਵ ਖੇਤਰ ਦੇ ਬਿਲਾ ਤਸੇਰਕਵਾ ਸ਼ਹਿਰ ਵਿੱਚ ਵੀ 'ਓਰੇਸ਼ਨਿਕ' ਮਿਜ਼ਾਈਲ ਡਿੱਗੀ ਹੈ। ਹਾਲਾਂਕਿ ਰੂਸ ਦਾ ਅਸਲੀ ਨਿਸ਼ਾਨਾ ਕੀ ਸੀ, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਇਸ ਹਮਲੇ ਨੇ ਪੂਰੇ ਯੂਕਰੇਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।


author

Inder Prajapati

Content Editor

Related News