UAE ਨੇ ਭਾਰਤ ਸਮੇਤ ਪਾਕਿ ਤੇ ਬੰਗਲਾਦੇਸ਼ ਲਈ 31 ਜੁਲਾਈ ਤੱਕ ਵਧਾਈ ਪਾਬੰਦੀ ਮਿਆਦ
Sunday, Jul 18, 2021 - 12:03 PM (IST)
ਦੁਬਈ (ਬਿਊਰੋ) ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਅਤੇ ਉੱਥੋਂ ਜਾਣ ਦੇ ਚਾਹਵਾਨ ਲੱਖਾਂ ਭਾਰਤੀਆਂ ਲਈ ਚੰਗੀ ਖ਼ਬਰ ਨਹੀਂ ਹੈ। ਅਸਲ ਵਿਚ ਯੂ.ਏ.ਈ. ਦੀ ਇਤਿਹਾਦ ਏਅਰਵੇਜ਼ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਲਈ ਜਹਾਜ਼ਾਂ ਦੀ ਉਡਾਣ 31 ਜੁਲਾਈ ਤੱਕ ਲਈ ਮੁਅੱਤਲ ਕਰ ਦਿੱਤੀ ਹੈ। ਏਤਿਹਾਦ ਏਅਰਵੇਜ਼ ਨੇ ਟਵਿੱਟਰ 'ਤੇ ਦਿੱਤੀ ਜਾਣਕਾਰੀ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਭਾਰਤ ਤੋਂ ਉਡਾਣਾਂ 'ਤੇ ਪਾਬੰਦੀ ਨੂੰ ਵਧਾਇਆ ਗਿਆ ਹੈ।
ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਯੂ.ਏ.ਈ. ਜਾਣ ਵਾਲੇ ਸਿਰਫ ਵਿਦੇਸੀ ਡਿਪਲੋਮੈਟਾਂ, ਯੂ.ਏ.ਈ. ਦੇ ਨਾਗਰਿਕਾਂ ਅਤੇ ਗੋਲਡਨ ਵੀਜ਼ਾ ਹਾਸਲ ਕਰਨ ਵਾਲਿਆਂ ਨੂੰ ਹੀ ਛੋਟ ਦਿੱਤੀ ਗਈ ਹੈ। ਅਜਿਹੇ ਲੋਕਾਂ ਨੂੰ ਜਹਾਜ਼ ਦੀ ਉਡਾਣ ਤੋਂ ਵੱਧ ਤੋਂ ਵੱਧ 48 ਘੰਟੇ ਪਹਿਲਾਂ ਪੀਸੀਆਰ ਟੈਸਟ ਕਰਾਉਣਾ ਹੋਵੇਗਾ। ਇਸ ਟੈਸਟ ਵਿਚ ਨੈਗੇਟਿਵ ਆਉਣ ਵਾਲੇ ਲੋਕਾਂ ਨੂੰ ਹੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮੀਰਾਤ ਏਅਰਲਾਈਨਜ਼ ਨੇ ਵੀ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਸਨ।
ਪੜ੍ਹੋ ਇਹ ਅਹਿਮ ਖਬਰ- ਕੈਲੀਫੋਰਨੀਆ 'ਚ ਜੰਗਲੀ ਅੱਗ ਹੋਈ ਭਿਆਨਕ, ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਸੈਂਕੜੇ ਲੋਕ (ਤਸਵੀਰਾਂ)
ਪਾਬੰਦੀ ਹਟਾਉਣ ਸੰਬੰਧੀ ਕੋਈ ਐਲ਼ਾਨ ਨਹੀਂ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂ.ਏ.ਈ. ਤੋਂ ਮੁੰਬਈ, ਕਰਾਚੀ ਅਤੇ ਢਾਕਾ ਲਈ ਉਡਾਣਾਂ ਨੂੰ ਸਰਚ ਕਰਨ 'ਤੇ ਸੰਦੇਸ਼ ਆ ਰਿਹਾ ਹੈ ਕਿ ਇਸ ਨੂੰ 31 ਜੁਲਾਈ ਤੱਕ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਏਤਿਹਾਦ ਨੇ ਕਿਹਾ ਸੀ ਕਿ ਭਾਰਤ ਲਈ ਉਡਾਣਾਂ 'ਤੇ ਪਾਬੰਦੀ ਨੂੰ ਹਟਾਇਆ ਨਹੀਂ ਗਿਆ ਹੈ ਸਗੋਂ ਇਸ ਨੂੰ 21 ਜੁਲਾਈ ਤੱਕ ਲਈ ਵਧਾ ਦਿੱਤਾ ਗਿਆ ਹੈ। ਹੁਣ ਤੱਕ ਯੂ.ਏ.ਈ. ਦੇ ਅਧਿਕਾਰੀਆਂ ਵੱਲੋਂ ਭਾਰਤ ਲਈ ਉਡਾਣਾਂ 'ਤੇ ਪਾਬੰਦੀ ਹਟਾਉਣ ਦੇ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਸੰਯੁਕਤ ਅਰਬ ਅਮੀਰਾਤ ਦੇ ਜਨਰਲ ਸਿਵਿਕ ਐਵੀਏਸ਼ਨ ਅਥਾਰਿਟੀ (GCAA) ਨੇ ਕਿਹਾ ਹੈ ਕਿ 13 ਦੇਸ਼ਾਂ ਤੋਂ ਦਾਖਲੇ 'ਤੇ ਪਾਬੰਦੀ ਲੱਗੀ ਹੋਈ ਹੈ। ਇਸ ਪਾਬੰਦੀ ਕਾਰਨ ਵੱਡੀ ਗਿਣਤੀ ਵਿਚ ਵਰਕਰ ਖਾਸ ਕਰ ਕੇ ਸਿਹਤ ਸੈਕਟਰ ਵਿਚ ਕੰਮ ਕਰਨ ਵਾਲੇ ਲੋਕ ਭਾਰਤ ਵਿਚ ਫਸ ਗਏ ਹਨ। ਅਜਿਹੇ ਭਾਰਤੀ ਵਰਕਰ ਪਰਤਣ ਦੀ ਆਸ ਵਿਚ ਸਨ। ਏਤਿਹਾਦ ਏਅਰਲਾਈਨਜ਼ ਅਬੁਧਾਬੀ ਤੋਂ ਉਡਾਣਾਂ ਨੂੰ ਸੰਚਾਲਿਤ ਕਰਦੀ ਹੈ। ਇੱਥੇ ਉਹਨਾਂ ਦਾ ਹੈੱਡਕੁਆਰਟਰ ਵੀ ਹੈ।
ਨੋਟ- ਸੰਯੁਕਤ ਅਰਬ ਅਮੀਰਾਤ ਵੱਲੋਂ ਪਾਬੰਦੀ ਮਿਆਦ ਵਧਾਉਣ ਦੇ ਫ਼ੈਸਲੇ ਬਾਰੇ ਕੁਮੈਂਟ ਕਰ ਦਿਓ ਰਾਏ।