ਅਮਰੀਕਾ ਦੀ ਚਿੰਤਾ, ਜੇਕਰ ਵਾਇਰਸ ਫੈਲਿਆ ਤਾਂ ਕਿੰਝ ਨਿਪਟੇਗਾ ਭਾਰਤ

Friday, Feb 28, 2020 - 07:37 PM (IST)

ਅਮਰੀਕਾ ਦੀ ਚਿੰਤਾ, ਜੇਕਰ ਵਾਇਰਸ ਫੈਲਿਆ ਤਾਂ ਕਿੰਝ ਨਿਪਟੇਗਾ ਭਾਰਤ

ਵਾਸ਼ਿੰਗਟਨ- ਅਮਰੀਕੀ ਖੂਫੀਆ ਏਜੰਸੀਆਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਜੇਕਰ ਭਾਰਤ ਵਿਚ ਕੋਰੋਨਾਵਾਇਰਸ ਫੈਲਿਆ ਤਾਂ ਉਹ ਉਸ ਨਾਲ ਕਿਵੇਂ ਨਿਪਟੇਗਾ। ਏਜੰਸੀਆਂ ਨੇ ਭਾਰਤ ਦੀ ਸੰਘਣੀ ਆਬਾਦੀ ਨੂੰ ਮਹਾਮਾਰੀ ਕੰਟਰੋਲ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਖੂਫੀਆ ਏਜੰਸੀਆਂ ਦੁਨੀਆ ਭਰ ਵਿਚ ਇਨਫੈਕਸ਼ਨ ਦੇ ਫੈਲਣ ਤੇ ਵੱਖ-ਵੱਖ ਦੇਸ਼ਾਂ ਵਲੋਂ ਚੁੱਕੇ ਗਏ ਕਦਮਾਂ ਦੀ ਵੀ ਨਿਗਰਾਨੀ ਕਰ ਰਹੀ ਹੈ।

ਖੂਫੀਆ ਮਾਮਲਿਆਂ ਨਾਲ ਜੁੜੀ ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਕਮੇਟੀ ਨੂੰ ਦੇਸ਼ ਦੀਆਂ ਜਾਸੂਸੀ ਏਜੰਸੀਆਂ ਨਾਲ ਕੋਰੋਨਾਵਾਇਰਸ ਦੇ ਇਨਫੈਕਸ਼ਨ 'ਤੇ ਇਕ ਰਿਪੋਰਟ ਮਿਲੀ ਹੈ। ਇਸ ਤੋਂ ਇਲਾਵਾ ਕਮੇਟੀ ਨੂੰ ਰੋਜ਼ਾਨਾ ਦੇ ਅੰਕੜੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਕਮੇਟੀ ਦੇ ਇਕ ਮੈਂਬਰ ਨੇ ਦੱਸਿਆ ਕਿ ਖੂਫੀਆ ਏਜੰਸੀਆਂ ਇਸ ਮਹਾਮਾਰੀ ਦੇ ਕਾਰਨ ਰਾਸ਼ਟਰੀ ਸੁਰੱਖਿਆ ਤੇ ਅਰਥਵਿਵਸਥਾ ਸਣੇ ਵੱਖ-ਵੱਖ ਦੇਸ਼ਾਂ ਵਲੋਂ ਚੁੱਕੇ ਗਏ ਕਦਮਾਂ ਦੀ ਨਿਗਰਾਨੀ ਕਰ ਰਹੀ ਹੈ।

ਸਿਹਤ ਏਜੰਸੀਆਂ ਇਸ ਬਾਰੇ ਉਹਨਾਂ ਦੀ ਮਦਦ ਕਰ ਰਹੀਆਂ ਹਨ। ਖੂਫੀਆ ਏਜੰਸੀਆਂ ਦੇ ਰਾਡਾਰ 'ਤੇ ਈਰਾਨ ਵੀ ਹੈ, ਜਿਥੇ ਦੇਸ਼ ਦੇ ਉਪ ਸਿਹਤ ਮੰਤਰੀ ਤੇ ਦੇਸ਼ ਦੀ ਉਪ ਰਾਸ਼ਟਰਪਤੀ ਵੀ ਇਸ ਦੀ ਲਪੇਟ ਵਿਚ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਈਰਾਨ ਵਲੋਂ ਮਹਾਮਾਰੀ ਦੇ ਅੰਕੜੇ ਲੁਕਾਏ ਜਾਣ ਨਾਲ ਅਮਰੀਕਾ ਚਿੰਤਤ ਹੈ। ਅਮਰੀਕੀ ਸਰਕਾਰ ਨਾਲ ਜੁੜੇ ਸੂਤਰ ਦੇ ਮੁਤਾਬਕ ਈਰਾਨ ਵਲੋਂ ਮਹਾਮਾਰੀ ਨੂੰ ਰੋਕਣ ਦੇ ਲਈ ਚੁੱਕੇ ਗਏ ਕਦਮ ਪ੍ਰਭਾਵੀ ਨਹੀਂ ਹਨ। ਉਸ ਦੇ ਕੋਲ ਇਸ ਨਾਲ ਨਿਪਟਣ ਦੇ ਲਈ ਲੋੜੀਂਦੇ ਸੰਸਾਧਨ ਨਹੀਂ ਹਨ।

ਜ਼ਿਕਰਯੋਗ ਹੈ ਕਿ ਚੀਨ ਵਿਚ ਕਹਿਰ ਵਰ੍ਹਾ ਰਹੇ ਕੋਰੋਨਾਵਾਇਰਸ ਨਾਲ ਦੁਨੀਆ ਵਿਚ 83 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਡ ਪਾਏ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਬੀਮਾਰੀ ਨੂੰ ਕੋਵਿਡ-19 ਨਾਂ ਦਿੱਤਾ ਹੈ। ਚੀਨ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਇਸ ਜਾਨਲੇਵਾ ਵਾਇਰਸ ਕਾਰਨ ਚੀਨ ਵਿਚ ਹੁਣ ਤੱਕ 2788 ਮੌਤਾਂ ਹੋ ਚੁੱਕੀਆਂ ਹਨ।


author

Baljit Singh

Content Editor

Related News