ਅਮਰੀਕਾ ਨੇ ਘਟਾਇਆ ਇਕਾਂਤਵਾਸ ਦਾ ਸਮਾਂ, ਹੁਣ ਕੈਨੇਡਾ ''ਚ ਉੱਠੀ ਮੰਗ

Thursday, Dec 03, 2020 - 10:37 AM (IST)

ਅਮਰੀਕਾ ਨੇ ਘਟਾਇਆ ਇਕਾਂਤਵਾਸ ਦਾ ਸਮਾਂ, ਹੁਣ ਕੈਨੇਡਾ ''ਚ ਉੱਠੀ ਮੰਗ

ਟੋਰਾਂਟੋ- ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਹਰਾਂ ਨੇ ਰਾਇ ਦਿੱਤੀ ਸੀ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪੀੜਤ ਦੇ ਸੰਪਰਕ ਵਿਚ ਆਇਆ ਹੈ ਤਾਂ ਉਸ ਨੂੰ ਲਗਭਗ 14 ਦਿਨਾਂ ਲਈ ਇਕਾਂਤਵਾਸ ਕਰਨਾ ਜ਼ਰੂਰੀ ਹੈ। ਅਜਿਹਾ ਇਸ ਲਈ ਤਾਂ ਕਿ ਕੋਈ ਹੋਰ ਵਿਅਕਤੀ ਉਸ ਦੇ ਸੰਪਰਕ ਵਿਚ ਆ ਕੇ ਕੋਰੋਨਾ ਦਾ ਸ਼ਿਕਾਰ ਨਾ ਹੋ ਜਾਵੇ। ਹੁਣ ਅਮਰੀਕਾ ਵਿਚ ਫੈਸਲਾ ਕੀਤਾ ਗਿਆ ਹੈ ਕਿ ਉਹ ਲੋਕਾਂ ਨੂੰ 7 ਤੋਂ 10 ਦਿਨਾਂ ਲਈ ਹੀ ਇਕਾਂਤਵਾਸ ਕਰਨਗੇ। ਅਜਿਹੇ ਫੈਸਲੇ ਨਾਲ ਕੈਨੇਡਾ ਵਿਚ ਵੀ ਮੰਗ ਉੱਠੀ ਹੈ ਕਿ ਇੱਥੇ ਵੀ ਇਕਾਂਤਵਾਸ ਦਾ ਸਮਾਂ ਘਟਾ ਦਿੱਤਾ ਜਾਵੇ। ਬਹੁਤ ਸਾਰੇ ਲੋਕ ਪ੍ਰਸ਼ਨ ਚੁੱਕ ਰਹੇ ਹਨ ਕਿ ਕੀ ਕੈਨੇਡਾ ਵੀ ਇਹ ਕਦਮ ਚੁੱਕੇਗਾ?

ਦੱਸ ਦਈਏ ਕਿ ਸਵਿਟਜ਼ਰਲੈਂਡ ਅਤੇ ਜਰਮਨੀ ਨੇ ਪਹਿਲਾਂ ਹੀ ਇਕਾਂਤਵਾਸ ਦਾ ਸਮਾਂ 10 ਦਿਨਾਂ ਦਾ ਕੀਤਾ ਹੋਇਆ ਹੈ ਤਾਂ ਕਿ ਲੋਕਾਂ ਦਾ ਸਮਾਂ ਬਚਾਇਆ ਜਾ ਸਕੇ। ਇੰਗਲੈਂਡ ਵਿਚ ਵੀ 15 ਦਸੰਬਰ ਤੋਂ ਇਕਾਂਤਵਾਸ ਦੇ ਨਿਯਮਾਂ ਵਿਚ ਬਦਲਾਅ ਹੋਣ ਦੀ ਤਿਆਰੀ ਹੈ। 

ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਕੋਰੋਨਾ ਵਾਇਰਸ ਦੇ ਲੱਛਣ 7 ਦਿਨਾਂ ਦੇ ਅੰਦਰ-ਅੰਦਰ ਹੀ ਸਾਹਮਣੇ ਆ ਜਾਂਦੇ  ਹਨ। ਇਸ ਲਈ ਕਿਸੇ ਵੀ ਵਿਅਕਤੀ ਨੂੰ ਇਕਾਂਤਵਾਸ ਵਿਚ ਵਧੇਰੇ ਦਿਨ ਰੱਖਣ ਦੀ ਜ਼ਰੂਰਤ ਹੀ ਨਹੀਂ ਹੈ। 

ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਲਗਭਗ 10 ਹਜ਼ਾਰ ਯਾਤਰੀਆਂ 'ਤੇ ਇਕ ਅਧਿਐਨ ਕੀਤਾ ਗਿਆ। ਇਸ ਦੇ ਨਤੀਜਿਆਂ ਵਿਚ ਪਤਾ ਲੱਗਾ ਕਿ 95 ਫ਼ੀਸਦੀ ਲੋਕਾਂ ਵਿਚ ਕੋਰੋਨਾ ਦੇ ਲੱਛਣ ਪਹਿਲੇ 7 ਦਿਨਾਂ ਵਿਚ ਹੀ ਦਿਖਾਈ ਦੇਣ ਲੱਗ ਗਏ ਸਨ। 


author

Lalita Mam

Content Editor

Related News