ਬ੍ਰਿਟਿਸ਼ PM ਜਾਨਸਨ ’ਤੇ ਇਲਜ਼ਾਮ, ਤਾਲਾਬੰਦੀ ਦੌਰਾਨ ਲੋਕਾਂ ਨੂੰ ਘਰਾਂ ’ਚ ਬੰਦ ਕਰ ਖ਼ੁਦ ਕਰ ਰਹੇ ਸਨ ਪਾਰਟੀ
Wednesday, Jan 12, 2022 - 10:25 AM (IST)
ਲੰਡਨ (ਭਾਸ਼ਾ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਟਾਫ਼ ਨੇ 2020 ਵਿਚ ਇਕ ਗਾਰਡਨ ਪਾਰਟੀ ਦਾ ਆਯੋਜਨ ਕਰਕੇ ਕੋਰੋਨਾ ਵਾਇਰਸ ਤਾਲਾਬੰਦੀ ਦੇ ਨਿਯਮਾਂ ਨੂੰ ਤੋੜਿਆ, ਜਦੋਂਕਿ ਬ੍ਰਿਟਿਸ਼ ਨਾਗਰਿਕਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਆਈ.ਟੀ.ਵੀ. ਚੈਨਲ ਨੇ ਮਈ 2020 ਵਿਚ ਪ੍ਰਧਾਨ ਮੰਤਰੀ ਦੇ ਡਾਉਨਿੰਗ ਸਟਰੀਟ ਦਫ਼ਤਰ ਅਤੇ ਰਿਹਾਇਸ਼ ਦੇ ਬਗੀਚੇ ਵਿਚ ‘ਸੋਸ਼ਲ ਡਿਸਟੈਂਸ ਡਰਿੰਕਸ’ ਆਯੋਜਨ ਲਈ ਇਕ ਲੀਕ ਹੋਏ ਈਮੇਲ ਸੱਦੇ ਨੂੰ ਪ੍ਰਕਾਸ਼ਤ ਕੀਤਾ, ਜਿਸ ਤੋਂਂ ਬਾਅਦ ਵਿਰੋਧੀ ਨੇਤਾਵਾਂ ਨੇ ਪੁਲਸ ਜਾਂਚ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਸਾਵਧਾਨ; ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਕੋਰੋਨਾ ਕਾਰਨ 1 ਦਿਨ ’ਚ ਰਿਕਾਰਡ ਮੌਤਾਂ
ਇਹ ਮੇਲ ਪ੍ਰਧਾਨ ਮੰਤਰੀ ਦੇ ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਦੀ ਤਰਫੋਂ ਕਈ ਲੋਕਾਂ ਨੂੰ ਭੇਜੀ ਗਈ ਸੀ। ਘਟਨਾ ਦੀ ਤਾਰੀਖ਼ 20 ਮਈ, 2020 ਦੱਸੀ ਗਈ ਹੈ। ਉਸੇ ਦਿਨ ਇਕ ਟੈਲੀਵਿਜ਼ਨ ਪ੍ਰੈਸ ਕਾਨਫਰੰਸ ਵਿਚ ਸਰਕਾਰ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਉਹ ਆਪਣੇ ਘਰ ਦੇ ਬਾਹਰ ਸਿਰਫ਼ ਇਕ ਵਿਅਕਤੀ ਨੂੰ ਮਿਲ ਸਕਦੇ ਹਨ। ਸਿਟੀ ਆਫ ਲੰਡਨ ਪੁਲਸ ਨੇ ਉਸੇ ਦਿਨ ਨਿਯਮ ਪ੍ਰਕਾਸ਼ਿਤ ਕੀਤੇ ਸਨ। ਮਾਰਚ 2020 ਵਿਚ ਸ਼ੁਰੂ ਹੋਈ ਬ੍ਰਿਟੇਨ ਦੀ ਪਹਿਲੀ ਤਾਲਾਬੰਦੀ ਵਿਚ ਦਫ਼ਤਰ ਅਤੇ ਅੰਤਿਮ ਸੰਸਕਾਰ ਸਮੇਤ ਕੁਝ ਮੌਕਿਆਂ ਨੂੰ ਛੱਡ ਕੇ ਇਕੱਠੇ ਹੋਣ ਦੀ ਮਨਾਹੀ ਸੀ। ਜਾਨਸਨ ਦੀ ਕੰਜ਼ਰਵੇਟਿਵ ਸਰਕਾਰ ’ਤੇ ਵਾਰ-ਵਾਰ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਦੇ ਰਹੇ ਹਨ, ਜੋ ਉਸ ਨੇ ਦੂਜਿਆਂ ’ਤੇ ਲਾਗੂ ਕੀਤੇ ਹਨ। ਨਵੀਨਤਮ ਦਾਅਵਿਆਂ ਦੀ ਜਾਂਚ ਸੀਨੀਅਰ ਜਨਤਕ ਸੇਵਕ ਸੂਏ ਗ੍ਰੇ ਕਰਨਗੇ, ਜਿਨ੍ਹਾਂ ਨੂੰ ਸਰਕਾਰ ਨੇ ਪਿਛਲੇ ਦੋਸ਼ਾਂ ਦੀ ਜਾਂਚ ਕਰਨ ਲਈ ਵੀ ਨਿਯੁਕਤ ਕੀਤਾ ਸੀ ਕਿ ਜਾਨਸਨ ਦੇ ਦਫ਼ਤਰ ਦੇ ਕਰਮਚਾਰੀਆਂ ਨੇ 2020 ਵਿਚ ਤਾਲਾਬੰਦੀ ਨੂੰ ਤੋੜਦੇ ਹੋਏ ਕ੍ਰਿਸਮਸ ਪਾਰਟੀਆਂ ਦੀ ਮੇਜ਼ਬਾਨੀ ਕਰਕੇ ਕੋਰੋਨਾ ਵਾਇਰਸ ਨਿਯਮਾਂ ਨੂੰ ਤੋੜਿਆ ਸੀ।
ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿੱਜੀ ਤੌਰ ’ਤੇ ਕੋਈ ਨਿਯਮ ਨਹੀਂ ਤੋੜਿਆ, ਪਰ ਬੀ.ਬੀ.ਸੀ. ਅਤੇ ਹੋਰ ਮੀਡੀਆ ਆਉਟਲੈਟਾਂ ਨੇ ਮੰਗਲਵਾਰ ਨੂੰ ਖ਼ਬਰਾਂ ਜਾਰੀ ਕੀਤੀਆਂ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਕੈਰੀ ਜਾਨਸਨ ਮਈ 2020 ਦੀ ਗਾਰਡਨ ਪਾਰਟੀ ਵਿਚ ਸ਼ਾਮਲ ਹੋਏ ਸਨ। ਸਿਹਤ ਮੰਤਰੀ ਐਡਵਰਡ ਆਰਗਰ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਲੋਕ ਨਾਰਾਜ਼ ਕਿਉਂ ਹੋਣਗੇ, ਪਰ ਉਹ ਗ੍ਰੇ ਦੀ ਜਾਂਚ ਦੇ ਨਤੀਜਿਆਂ ਨੂੰ ਲੈ ਕੇ ਪਹਿਲਾਂ ਹੀ ਕੋਈ ਮੁਲਾਂਕਣ ਨਹੀਂ ਕਰਨਗੇ। ਉਥੇ ਹੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਐਡ ਮਿਲੀਬੈਂਡ ਨੇ ਕਿਹਾ ਕਿ ਦੋਸ਼ ਗੰਭੀਰ ਹਨ ਅਤੇ ਜਾਨਸਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪਾਰਟੀ ਵਿਚ ਸ਼ਾਮਲ ਹੋਏ ਸਨ ਜਾਂ ਨਹੀਂ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।