ਅਮਰੀਕਾ: ਇੰਡੀਆਨਾ ਦੇ ਇੱਕ ਆਟੋਮੋਟਿਵ ਪਲਾਂਟ ਵਿੱਚ ਗੋਲੀਬਾਰੀ ਕਾਰਨ ਹੋਈ 2 ਔਰਤਾਂ ਦੀ ਮੌਤ
Friday, Aug 20, 2021 - 12:47 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸਟੇਟ ਇੰਡੀਆਨਾ ਵਿੱਚ ਇੱਕ ਫੈਕਟਰੀ 'ਚ ਹੋਈ ਗੋਲੀਬਾਰੀ ਨੇ ਦੋ ਔਰਤਾਂ ਦੀ ਜਾਨ ਲੈ ਲਈ ਹੈ। ਇਸ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਕ ਬੰਦੂਕਧਾਰੀ ਹਮਲਾਵਰ ਨੇ ਇੰਡੀਆਨਾ ਦੇ ਫ੍ਰੈਂਕਫੋਰਟ ਵਿੱਚ ਸਥਿਤ ਇੱਕ ਆਟੋਮੋਟਿਵ ਪਲਾਂਟ ਦੇ ਬਾਹਰ ਇੱਕ ਔਰਤ ਅਤੇ ਉਸ ਦੀ ਪੋਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਦੋਵੇਂ ਮ੍ਰਿਤਕ ਔਰਤਾਂ ਇਸੇ ਪਲਾਂਟ ਵਿੱਚ ਕੰਮ ਕਰਦੀਆਂ ਸਨ।
ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਨਾਲ ਸਾਰੇ ਹਥਿਆਰ ਸੌਦੇ ਰੱਦ
ਅਧਿਕਾਰੀਆਂ ਅਨੁਸਾਰ ਗੋਲੀਬਾਰੀ ਸ਼ਾਮ ਦੇ ਲਗਭਗ 4:15 ਵਜੇ 'ਐੱਨ ਐੱਚ ਕੇ ਸੀਟਿੰਗ ਆਫ ਅਮਰੀਕਾ' ਫੈਕਟਰੀ ਦੀ ਪਾਰਕਿੰਗ ਵਿਚ ਸ਼ਿਫਟ ਤਬਦੀਲੀ ਦੌਰਾਨ ਹੋਈ। ਇਹ ਪਲਾਂਟ ਇੰਡੀਆਨਾਪੋਲਿਸ ਤੋਂ ਲਗਭਗ 45 ਮੀਲ ਉੱਤਰ ਵਿੱਚ ਫ੍ਰੈਂਕਫੋਰਟ, ਇੰਡੀਆਨਾ ਵਿੱਚ ਸਥਿਤ ਹੈ। ਇਸ ਗੋਲੀਬਾਰੀ ਦਾ ਦੋਸ਼ੀ ਵਿਅਕਤੀ ਨੀਲੇ ਰੰਗ ਦੀ ਫੋਰਡ ਕਾਰ ਵਿੱਚ ਸਵਾਰ ਹੋ ਕੇ ਘਟਨਾ ਸਥਾਨ ਤੋਂ ਭੱਜ ਗਿਆ ਸੀ ਪਰ ਬਾਅਦ ਵਿੱਚ ਉਸ ਦੀ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਪੁਲਸ ਨੇ ਉਸ ਨੂੰ ਫੜ ਲਿਆ। ਇਸ ਹਮਲਾਵਰ ਦੀ ਪਛਾਣ ਫ੍ਰੈਂਕਫੋਰਟ ਦੇ 26 ਸਾਲਾ ਗੈਰੀ ਸੀ ਫੇਰਲ ਵਜੋਂ ਕੀਤੀ ਗਈ ਹੈ। ਇਹ ਵਿਅਕਤੀ ਵੀ ਇਸੇ ਹੀ ਪਲਾਂਟ ਦਾ ਇੱਕ ਕਰਮਚਾਰੀ ਹੈ ਅਤੇ ਦੋਵੇਂ ਮ੍ਰਿਤਕ ਔਰਤਾਂ ਨੂੰ ਜਾਣਦਾ ਸੀ। ਇਸ ਵਿਅਕਤੀ ਦੁਆਰਾ ਕੀਤੀ ਗਈ ਗੋਲੀਬਾਰੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ - ਕੁਝ ਘੰਟਿਆਂ 'ਚ ਵਾਅਦੇ ਤੋਂ ਪਲਟ ਗਿਆ ਤਾਲਿਬਾਨ, ਮਹਿਲਾ ਐਂਕਰ ਨੂੰ ਸਟੂਡੀਓ 'ਚ ਵੜਨ ਤੋਂ ਰੋਕਿਆ
ਇਸਦੇ ਇਲਾਵਾ ਪੁਲਸ ਦੁਆਰਾ ਦੋਵੇਂ ਮ੍ਰਿਤਕ ਔਰਤਾਂ ਦੀ ਪਛਾਣ 21 ਸਾਲ ਦੀ ਪ੍ਰੋਮਿਸ ਮੇਅਜ਼ ਅਤੇ ਉਸਦੀ ਦਾਦੀ, ਪਾਮੇਲਾ ਸਲੇਡ (62) ਰੋਸਵਿਲੇ, ਇੰਡੀਆਨਾ ਦੇ ਰੂਪ ਵਿੱਚ ਕੀਤੀ ਹੈ, ਜੋ ਕਿ ਆਪਣੀ ਸ਼ਾਮ ਦੀ ਸ਼ਿਫਟ ਦੀ ਸ਼ੁਰੂਆਤ ਲਈ ਫੈਕਟਰੀ ਪਹੁੰਚ ਰਹੀਆਂ ਸਨ। ਜਿਸ ਦੌਰਾਨ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਇਸ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਵਿਭਾਗੀ ਜਾਂਚ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।