ਇੰਡੋਨੇਸ਼ੀਆ: ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਟੱਕਰ, ਭਿਆਨਕ ਹਾਦਸੇ ਮਗਰੋਂ ਪੈ ਗਿਆ ਚੀਕ-ਚਿਹਾੜਾ

Monday, Apr 27, 2026 - 11:24 PM (IST)

ਇੰਡੋਨੇਸ਼ੀਆ: ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਟੱਕਰ, ਭਿਆਨਕ ਹਾਦਸੇ ਮਗਰੋਂ ਪੈ ਗਿਆ ਚੀਕ-ਚਿਹਾੜਾ

ਜਕਾਰਤਾ : ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਬਾਹਰਵਾਰ ਸੋਮਵਾਰ ਦੇਰ ਰਾਤ ਇੱਕ ਦਰਦਨਾਕ ਰੇਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਬੇਕਾਸੀ ਤੈਮੂਰ ਸਟੇਸ਼ਨ ਦੇ ਨੇੜੇ ਇੱਕ ਕਮਿਊਟਰ ਲਾਈਨ ਟ੍ਰੇਨ ਅਤੇ ਲੰਬੀ ਦੂਰੀ ਦੀ ਡੀਜ਼ਲ ਟ੍ਰੇਨ (KRD) ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਘੱਟੋ-ਘੱਟ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਟ੍ਰੈਕ ਨੰਬਰ 1 'ਤੇ ਵਾਪਰਿਆ। ਜਿਸ ਸਮੇਂ ਕਮਿਊਟਰ ਲਾਈਨ ਟ੍ਰੇਨ ਸਟੇਸ਼ਨ 'ਤੇ ਖੜ੍ਹੀ ਸੀ ਅਤੇ ਰਵਾਨਾ ਹੋਣ ਦੀ ਤਿਆਰੀ ਵਿੱਚ ਸੀ, ਉਸੇ ਸਮੇਂ ਪੱਛਮ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਲੰਬੀ ਦੂਰੀ ਦੀ ਟ੍ਰੇਨ ਉਸੇ ਟ੍ਰੈਕ 'ਤੇ ਆ ਗਈ ਅਤੇ ਖੜ੍ਹੀ ਟ੍ਰੇਨ ਨਾਲ ਸਿੱਧੀ ਟਕਰਾ ਗਈ। ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੇਨ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਸਰਕਾਰੀ ਰੇਲਵੇ ਕੰਪਨੀ KAI ਦੇ ਬੁਲਾਰੇ ਫ੍ਰਾਨੋਟੋ ਵਿਬੋਵੋ ਨੇ ਪੁਸ਼ਟੀ ਕੀਤੀ ਹੈ ਕਿ ਹਸਪਤਾਲ ਦੇ ਰਿਕਾਰਡ ਅਨੁਸਾਰ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਲਬੇ ਵਿੱਚ ਫਸੇ ਹੋਰ ਲੋਕਾਂ ਨੂੰ ਕੱਢਣ ਲਈ ਫੌਜ, ਫਾਇਰ ਬ੍ਰਿਗੇਡ ਅਤੇ ਰਾਸ਼ਟਰੀ ਖੋਜ ਤੇ ਬਚਾਅ ਏਜੰਸੀ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ।

ਇਸ ਹਾਦਸੇ ਨੇ ਇੱਕ ਵਾਰ ਫਿਰ ਇੰਡੋਨੇਸ਼ੀਆ ਵਿੱਚ ਰੇਲ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪੁਰਾਣੀਆਂ ਟ੍ਰੇਨਾਂ ਅਤੇ ਸਹੀ ਰੱਖ-ਰਖਾਅ ਦੀ ਘਾਟ ਕਾਰਨ ਦੇਸ਼ ਵਿੱਚ ਅਕਸਰ ਅਜਿਹੇ ਹਾਦਸੇ ਵਾਪਰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਵੀ ਇੱਕ ਰੇਲ ਹਾਦਸੇ ਵਿੱਚ 4 ਕਰਮਚਾਰੀਆਂ ਦੀ ਜਾਨ ਚਲੀ ਗਈ ਸੀ। ਫਿਲਹਾਲ ਅਧਿਕਾਰੀ ਸਬੂਤ ਜੁਟਾ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।


author

Inder Prajapati

Content Editor

Related News