ਕੋਵਿਡ-19 ਦੇ ਮਾਮਲੇ ਵਧੇ ਤਾਂ ਕੈਨੇਡਾ 'ਚ ਲੱਖਾਂ ਲੋਕਾਂ ਦੀ ਜਾਏਗੀ ਨੌਕਰੀ!

07/05/2020 2:13:17 PM

ਟੋਰਾਂਟੋ— ਵਿਗਿਆਨੀ ਤੇ ਨੀਤੀ-ਨਿਰਮਾਤਾ ਇਸ ਸਾਲ ਦੇ ਅੰਤ 'ਚ ਕੋਵਿਡ-19 ਦੀ ਦੂਜੀ ਲਹਿਰ ਦਾ ਖਦਸ਼ਾ ਜਤਾ ਰਹੇ ਹਨ। ਅਜਿਹਾ ਹੋਇਆ ਤਾਂ ਲੋਕਾਂ ਨੂੰ ਫਿਰ ਵਿਹਲੇ ਰਹਿਣਾ ਪੈ ਸਕਦਾ ਹੈ। ਇਕ ਨਵੇਂ ਸਰਵੇਖਣ ਮੁਤਾਬਕ, ਜੇਕਰ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਮਾਮਲਿਆਂ 'ਚ ਵਾਧਾ ਹੋਇਆ ਤਾਂ ਬਹੁਤੇ ਕੈਨੇਡੀਅਨ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਦੁਬਾਰਾ ਬੰਦ ਕਰਨ ਦਾ ਸਮਰਥਨ ਕਰਦੇ ਹਨ।

ਨੈਨੋਸ ਰਿਸਰਚ ਵੱਲੋਂ ਸੀ. ਟੀ. ਵੀ. ਲਈ 1,049 ਕੈਨੇਡੀਅਨਾਂ 'ਤੇ ਕੀਤੇ ਗਏ ਸਰਵੇਖਣ 'ਚ ਦੋ-ਤਿਹਾਈ ਕੈਨੇਡੀਆਈ ਲੋਕਾਂ ਨੇ ਦੁਬਾਰਾ ਕਾਰੋਬਾਰ ਬੰਦ ਦਾ ਸਮਰਥਨ ਕੀਤਾ ਹੈ, ਜੇਕਰ ਕੋਵਿਡ-19 ਮਾਮਲੇ ਫਿਰ ਵਧਦੇ ਹਨ। ਸਰਵੇ ਮੁਤਾਬਕ, 42 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਬੰਦ ਦਾ ਸਮਰਥਨ ਕਰਦੇ ਹਨ, ਜਦੋਂ ਕਿ ਹੋਰ 28 ਫੀਸਦੀ ਨੇ ਕਿਹਾ ਕਿ ਉਹ ਕੁਝ ਹੱਦ ਤੱਕ ਇਸ ਦਾ ਸਮਰਥਨ ਕਰਦੇ ਹਨ। 16 ਫੀਸਦੀ ਨੇ ਇਸ ਦਾ ਵਿਰੋਧ ਕੀਤਾ, ਜਦੋਂ ਕਿ 11 ਫੀਸਦੀ ਇਸ ਦੇ ਕੁਝ ਹੱਦ ਤੱਕ ਵਿਰੋਧ 'ਚ ਸਨ।

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕਾਰੋਬਾਰ ਬੰਦ ਕਰਨ ਦਾ ਸਭ ਤੋਂ ਵੱਧ 53 ਫੀਸਦੀ ਸਮਰਥਨ ਓਂਟਾਰੀਓ 'ਚ ਸਾਹਮਣੇ ਆਇਆ, ਜਦੋਂ ਕਿ ਕਿਊਬਿਕ 'ਚ ਸਿਰਫ 24 ਫੀਸਦੀ ਇਸ ਦੇ ਸਮਰਥਨ 'ਚ ਸਨ। ਬੰਦ ਦੇ ਸਮਰਥਨ 'ਚ ਸਭ ਤੋਂ ਵੱਧ 55 ਸਾਲ ਤੋਂ ਜ਼ਿਆਦਾ ਉਮਰ ਵਾਲੇ ਦਿਸੇ। ਇਸ ਤੋਂ ਇਲਾਵਾ 18 ਤੋਂ 34 ਸਾਲ ਦੀ ਉਮਰ ਵਿਚਕਾਰ 64 ਫੀਸਦੀ ਇਸ ਦੇ ਸਮਰਥਨ 'ਚ ਸਨ।

ਸਰਕਾਰ ਨੂੰ ਦੇਣਾ ਪੈ ਰਿਹੈ ਪੈਸਾ-
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਮਾਰਚ 'ਚ ਕਾਰੋਬਾਰ ਬੰਦ ਹੋਣ ਨਾਲ ਲੱਖਾਂ ਕੈਨੇਡੀਅਨਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਇਸ ਵਜ੍ਹਾ ਨਾਲ ਸਰਕਾਰ ਨੇ ਅਪ੍ਰੈਲ ਤੋਂ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ (ਸੀ. ਈ. ਆਰ. ਬੀ) ਜ਼ਰੀਏ 8 ਲੱਖ ਤੋਂ ਵੱਧ ਕੈਨੇਡੀਅਨਾਂ ਨੂੰ 2,000 ਡਾਲਰ ਦੀ ਮਹੀਨਾਵਾਰ ਅਦਾਇਗੀ ਸ਼ੁਰੂ ਕੀਤੀ ਹੈ। 3 ਜੁਲਾਈ ਤੱਕ 53.5 ਬਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਹਾਲ ਹੀ ਦੇ ਮਹੀਨਿਆਂ 'ਚ ਕਾਰੋਬਾਰ ਹੌਲੀ-ਹੌਲੀ ਆਮ ਵਾਂਗ ਵਾਪਸ ਆ ਰਹੇ ਹਨ ਕਿਉਂਕਿ ਸੂਬੇ ਆਪਣੀਆਂ ਪਾਬੰਦੀਆਂ 'ਚ ਢਿੱਲ ਦਾ ਵਿਸਥਾਰ ਕਰ ਰਹੇ ਹਨ, ਜਿਸ ਤਹਿਤ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਹੈ।


Sanjeev

Content Editor

Related News