ਦੋ ਵਿਸ਼ੇਸ਼ ਉਡਾਣਾਂ ਰਾਹੀਂ ਸ਼ੁਰੂ ਹੋਵੇਗਾ ਭਾਰਤੀਆਂ ਨੂੰ UAE ''ਚੋਂ ਲਿਆਉਣ ਦਾ ਕੰਮ

05/05/2020 10:16:26 AM

ਦੁਬਈ- ਕੋਵਿਡ -19 ਮਹਾਂਮਾਰੀ ਕਾਰਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੀਰਵਾਰ ਨੂੰ ਦੋ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਬੂ ਧਾਬੀ ਤੋਂ ਕੋਚੀ ਅਤੇ ਦੁਬਈ ਦੇ ਕੋਝੀਕੋਡ ਜਾਣ ਵਾਲੀਆਂ ਇਨ੍ਹਾਂ ਦੋ ਉਡਾਣਾਂ ਲਈ ਯਾਤਰੀਆਂ ਦੀ ਸੂਚੀ ਬਾਰੇ ਅੰਤਿਮ ਫੈਸਲਾ ਭਾਰਤੀ ਦੂਤਘਰ ਅਤੇ ਦੁਬਈ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵਲੋਂ ਲਿਆ ਜਾਵੇਗਾ। 

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸੂਚੀ ਦੂਤਘਰ ਜਾਂ ਕੌਂਸਲੇਟ ਜਨਰਲ ਦੇ ਡੇਟਾਬੇਸ ਵਿੱਚ ਦਰਜ ਰਜਿਸਟ੍ਰੇਸ਼ਨ ਦੇ ਅਧਾਰ 'ਤੇ ਬਣਾਈ ਜਾਵੇਗੀ। ਇਸੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਕੁਝ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਸੀ। ਬਿਆਨ ਮੁਤਾਬਕ ਯੂ. ਏ. ਈ. ਵਿਚ ਫਸੇ ਮਜ਼ਦੂਰਾਂ, ਬਜ਼ੁਰਗਾਂ, ਜ਼ਰੂਰੀ ਡਾਕਟਰੀ ਮਾਮਲਿਆਂ ਨਾਲ ਜੁੜੇ ਲੋਕ, ਗਰਭਵਤੀ ਔਰਤਾਂ ਦੇ ਨਾਲ-ਨਾਲ ਮੁਸ਼ਕਲ ਸਥਿਤੀ ਵਿਚ ਫਸੇ ਹੋਰਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਵਿਚ ਅੱਗੇ ਕਿਹਾ ਗਿਆ ਹੈ, "ਉਡਾਣ ਲਈ ਟਿਕਟ ਦੀ ਕੀਮਤ ਅਤੇ ਭਾਰਤ ਪਹੁੰਚਣ ਤੋਂ ਬਾਅਦ ਆਈਸੋਲੇਟ ਵਿਚ ਰੱਖਣ ਦੀ ਜ਼ਰੂਰਤ ਅਤੇ ਸਿਹਤ ਜਾਂਚ ਸਮੇਤ ਹੋਰ ਸ਼ਰਤਾਂ ਸਬੰਧੀ ਜਾਣਕਾਰੀ ਥੋੜ੍ਹੇ ਸਮੇਂ ਵਿਚ ਦਿੱਤੀ ਜਾਵੇਗੀ ਅਤੇ ਹਰ ਯਾਤਰੀ ਨੂੰ ਇਸ ਨੂੰ ਸਵਿਕਾਰ ਕਰਨਾ ਪਵੇਗਾ।" 

ਬਿਆਨ ਵਿਚ ਕਿਹਾ ਗਿਆ ਹੈ ਕਿ ਹਵਾਈ ਟਿਕਟਾਂ ਸਿਰਫ ਉਨ੍ਹਾਂ ਨੂੰ ਹੀ ਜਾਰੀ ਕੀਤੀਆਂ ਜਾਣਗੀਆਂ , ਜਿਨ੍ਹਾਂ ਦੇ ਨਾਮ ਦੂਤਘਰ ਜਾਂ ਕੌਂਸਲੇਟ ਜਨਰਲ ਵੱਲੋਂ ਤਿਆਰ ਕੀਤੀ ਗਈ ਯਾਤਰਾ ਸੂਚੀ ਵਿੱਚ ਹੋਣਗੇ। ਇਸ ਵਿਚ ਕਿਹਾ ਗਿਆ ਹੈ ਕਿ ਦੂਤਘਰ ਆਉਣ ਵਾਲੇ ਦਿਨਾਂ ਵਿਚ ਭਾਰਤ ਜਾਣ ਵਾਲੀਆਂ ਹੋਰ ਉਡਾਣਾਂ ਦਾ ਵੇਰਵਾ ਵੀ ਦੇਵੇਗਾ ਅਤੇ ਉਨ੍ਹਾਂ ਜਹਾਜ਼ਾਂ ਵਿਚ ਵੀ ਯਾਤਰਾ ਸੂਚੀ ਦੇ ਨਾਂ ਬਾਰੇ ਅੰਤਿਮ ਫੈਸਲੇ ਦੀ ਪ੍ਰਕਿਰਿਆ ਇਹੋ ਹੀ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਵਾਪਸ ਜਾਣ ਲਈ ਤਕਰੀਬਨ 2 ਲੱਖ ਲੋਕਾਂ ਨੇ ਨਾਮ ਰਜਿਸਟਰ ਕਰਵਾਏ। ਇਸ ਲਈ ਇਨ੍ਹਾਂ ਸਾਰੇ ਲੋਕਾਂ ਨੂੰ ਇਨ੍ਹਾਂ ਜਹਾਜ਼ਾਂ ਵਿਚ ਥਾਂ ਦੇਣ ਵਿਚ ਸਮਾਂ ਲੱਗੇਗਾ।


Lalita Mam

Content Editor

Related News