ਦੁਬਈ ਹਵਾਈਅੱਡੇ ’ਤੇ ਆਪਸ ’ਚ ਟਕਰਾਏ 2 ਜਹਾਜ਼, ਸਾਰੇ ਯਾਤਰੀ ਸੁਰੱਖਿਅਤ

Thursday, Jul 22, 2021 - 05:23 PM (IST)

ਦੁਬਈ ਹਵਾਈਅੱਡੇ ’ਤੇ ਆਪਸ ’ਚ ਟਕਰਾਏ 2 ਜਹਾਜ਼, ਸਾਰੇ ਯਾਤਰੀ ਸੁਰੱਖਿਅਤ

ਦੁਬਈ (ਭਾਸ਼ਾ) : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਦੁਬਈ ਸ਼ਹਿਰ ਵਿਚ ਮੁੱਖ ਹਵਾਈਅੱਡੇ ’ਤੇ ਵੀਰਵਾਰ ਨੂੰ 2 ਜਹਾਜ਼ ਆਪਸ ਵਿਚ ਟਕਰਾ ਗਏ, ਹਾਲਾਂਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੁਬਈ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਆਪਸ ਵਿਚ ਟਕਰਾਏ ਇਨ੍ਹਾਂ ਜਹਾਜ਼ਾਂ ਵਿਚੋਂ ਇਕ ਜਹਾਜ਼ ਏਅਰਲਾਈਨ ‘ਫਲਾਈ ਦੁਬਈ’ ਦਾ ਅਤੇ ਦੂਜਾ ਬਹਿਰੀਨ ਸਥਿਤ ਏਅਰਲਾਈਨ ‘ਗਲਫ ਏਅਰ’ ਦਾ ਸੀ।

ਫਲਾਈ ਦੁਬਈ ਨੇ ਇਕ ਬਿਆਨ ਵਿਚ ਕਿਹਾ ਕਿ ਕਿਰਗੀਸਤਾਨ ਜਾ ਰਿਹਾ ਉਸ ਦਾ ਬੋਇੰਗ ਜਹਾਜ਼ ‘ਮਾਮੂਲੀ ਹਾਦਸੇ’ ਦਾ ਸ਼ਿਕਾਰ ਹੋ ਗਿਆ ਅਤੇ ਉਸ ਨੂੰ ਆਪਣੇ ਸਟੈਂਡ ਸਥਾਨ ’ਤੇ ਪਰਤਣਾ ਪਿਆ। ਯਾਤਰੀ 6 ਘੰਟੇ ਬਾਅਦ ਇਕ ਹੋਰ ਉਡਾਣ ਰਾਹੀਂ ਆਪਣੀ ਮੰਜ਼ਲ ਲਈ ਰਵਾਨਾ ਹੋ ਗਏ। ਇਸ ਨੇ ਕਿਹਾ, ‘ਫਲਾਈ ਦੁਬਈ ਘਟਨਾ ਦੀ ਜਾਂਚ ਲਈ  ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰੇਗੀ।’ ਇਸ ਨੇ ਕਿਹਾ ਕਿ ਹਾਦਸੇ ਵਿਚ ਜਹਾਜ਼ ਦੇ ਇਕ ਪਰ (ਵਿੰਗ) ਨੂੰ ਨੁਕਸਾਨ ਪੁੱਜਾ ਹੈ। ਉਥੇ ਹੀ ਗਲਫ ਏਅਰ ਨੇ ਕਿਹਾ ਕਿ ਇਕ ਹੋਰ ਜਹਾਜ਼ ਦੀ ਟੱਕਰ ਨਾਲ ਉਸ ਦੇ ਇਕ ਜਹਾਜ਼ ਦੇ ਪਿਛਲੇ ਹਿੱਸੇ ਨੂੰ ਨੁਕਸਾਨ ਹੋਇਆ। ਏਅਰਲਾਈਨ ਨੇ ਕਿਹਾ ਕਿ ਉਹ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਉਣ ਲਈ ਕੰਮ ਕਰ ਰਹੀ ਹੈ।
 


author

cherry

Content Editor

Related News