ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਅੱਤਵਾਦੀ ਹਮਲੇ ’ਚ ਦੋ ਪਾਕਿਸਤਾਨੀ ਫੌਜੀਆਂ ਦੀ ਮੌਤ

Sunday, Nov 28, 2021 - 04:25 PM (IST)

ਪੇਸ਼ਾਵਰ (ਭਾਸ਼ਾ)-ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਅਸ਼ਾਂਤ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਅਣਪਛਾਤੇ ਅੱਤਵਾਦੀਆਂ ਨੇ ਇਕ ਸੁਰੱਖਿਆ ਜਾਂਚ ਚੌਕੀ ’ਤੇ ਹਮਲਾ ਕਰ ਦਿੱਤਾ, ਜਿਸ ’ਚ ਦੋ ਫੌਜੀਆਂ ਦੀ ਮੌਤ ਹੋ ਗਈ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ ਹੈ। ਫੌਜ ਦੀ ਮੀਡੀਆ ਯੂਨਿਟ ਨੇ ਸ਼ਨੀਵਾਰ ਦੱਸਿਆ ਕਿ ਇਹ ਹਮਲਾ ਖੈਬਰ-ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੀ ਦੱਤਾ ਖੇਲ ਤਹਿਸੀਲ ’ਚ ਹੋਇਆ। ਸੁਰੱਖਿਆ ਬਲਾਂ ਨਾਲ ਮੁਕਾਬਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਫੌਜ ਨੇ ਇਕ ਬਿਆਨ ’ਚ ਕਿਹਾ ਕਿ ਗੋਲੀਬਾਰੀ ਦੌਰਾਨ ਜਵਾਨਾਂ ਦੀ ਮੌਤ ਹੋ ਗਈ। ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

9 ਨਵੰਬਰ ਤੋਂ ਲਾਗੂ ਜੰਗਬੰਦੀ ਦੌਰਾਨ ਸੁਰੱਖਿਆ ਬਲਾਂ ’ਤੇ ਇਹ ਤੀਜਾ ਹਮਲਾ ਹੈ। ਪਹਿਲੇ ਦੋ ਹਮਲਿਆਂ ’ਚ ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ਕਬਾਇਲੀ ਜ਼ਿਲ੍ਹੇ ’ਚ ਦੋ ਪੁਲਸ ਕਰਮਚਾਰੀਆਂ ਅਤੇ ਟੈਂਕ ਜ਼ਿਲ੍ਹੇ ’ਚ ਇਕ ਸਿਪਾਹੀ ਦੀ ਹੱਤਿਆ ਕਰ ਦਿੱਤੀ ਸੀ। ਪਾਕਿਸਤਾਨ ਸਰਕਾਰ ਅਤੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਇਸ ਮਹੀਨੇ ਦੇਸ਼ ’ਚ ਸਥਾਈ ਸ਼ਾਂਤੀ ਦੀ ਪ੍ਰਾਪਤੀ ਲਈ ਅੱਗੇ ਗੱਲਬਾਤ ਕਰਨ ਲਈ ਇਕ ਮਹੀਨੇ ਦੀ ਜੰਗਬੰਦੀ ’ਤੇ ਸਹਿਮਤੀ ਜਤਾਈ ਹੈ। ਟੀ. ਟੀ. ਪੀ. ਇਕ ਦਹਾਕੇ ਤੋਂ ਵੱਧ ਸਮੇਂ ਤੋਂ ਪਾਕਿਸਤਾਨ ’ਚ ਵੱਖ-ਵੱਖ ਹਮਲਿਆਂ ’ਚ ਸ਼ਾਮਲ ਰਿਹਾ ਹੈ।


Manoj

Content Editor

Related News