ਸ੍ਰੀਲੰਕਾ 'ਚ ਆਰਥਿਕ ਸੰਕਟ ਕਾਰਨ ਮਚੀ ਹਾਹਾਕਾਰ, ਤੇਲ ਲਈ ਕਤਾਰ 'ਚ ਖੜ੍ਹੇ 2 ਹੋਰ ਲੋਕਾਂ ਦੀ ਮੌਤ
Saturday, Jul 23, 2022 - 10:29 AM (IST)
ਕੋਲੰਬੋ (ਏਜੰਸੀ)- ਨਕਦੀ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਵਿੱਚ ਤੇਲ ਖ਼ਰੀਦਣ ਲਈ ਕਤਾਰ ਵਿੱਚ ਖੜ੍ਹੇ 2 ਹੋਰ ਲੋਕਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਤੇਲ ਦੀ ਭਾਰੀ ਕਮੀ ਅਤੇ ਵਧਦੀ ਮਹਿੰਗਾਈ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। 2 ਮੌਤਾਂ ਉਸ ਦਿਨ ਹੋਈਆਂ ਜਦੋਂ ਨਵੇਂ ਚੁਣੇ ਗਏ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਸ਼ੁੱਕਰਵਾਰ ਨੂੰ ਸਿਆਸੀ ਸਥਿਰਤਾ ਬਹਾਲ ਕਰਨ ਅਤੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਨੂੰ ਘੱਟ ਕਰਨ ਲਈ ਦਿਨੇਸ਼ ਗੁਣਾਵਰਧਨੇ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
ਇਹ ਵੀ ਪੜ੍ਹੋ: ਨਦੀ ਪਾਰ ਕਰ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ (ਵੀਡੀਓ)
ਨਿਊਜ਼ ਪੋਰਟਲ 'ਲੰਕਾ ਫਸਟ' ਮੁਤਾਬਕ 59 ਸਾਲਾ ਵਿਅਕਤੀ ਆਪਣੇ ਮੋਟਰਸਾਈਕਲ ਵਿਚ ਸ੍ਰੀਲੰਕਾ ਦੇ ਪੂਰਬੀ ਸੂਬੇ ਕਿਨੀਆ 'ਚ ਇਕ ਪੈਟਰੋਲ ਪੰਪ ਤੋਂ 2 ਰਾਤਾਂ ਤੋਂ ਜ਼ਿਆਦਾ ਸਮੇਂ ਤੱਕ ਪੈਟਰੋਲ ਪੁਆਉਣ ਲਈ ਖੜ੍ਹਾ ਸੀ ਅਤੇ ਸ਼ੁੱਕਰਵਾਰ ਜਦੋਂ ਉਹ ਆਪਣੇ ਮੋਟਰਸਾਈਕਲ ਨੂੰ ਪੰਪ 'ਤੇ ਛੱਡ ਕੇ ਜਾਣ ਲਗਾ ਤਾਂ ਉਹ ਡਿੱਗ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਪੀੜਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕਿਨੀਆ ਬੇਸ ਹਸਪਤਾਲ ਲਿਜਾਇਆ ਗਿਆ ਹੈ। ਉਥੇ ਹੀ ਦੇਸ਼ ਦੇ ਪੱਛਮੀ ਸੂਬੇ ਦੇ ਮਥੁਗਾਮਾ ਵਿੱਚ ਇੱਕ ਪੈਟਰੋਲ ਪੰਪ ਦੇ ਬਾਹਰ ਤੇਲ ਲੈਣ ਲਈ ਲਾਈਨ ਵਿੱਚ ਖੜ੍ਹੇ 70 ਸਾਲਾ ਵਿਅਕਤੀ ਦੀ ਡਿੱਗਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਗਲੋਬਲ ਸਟੂਡੈਂਟ ਪੁਰਸਕਾਰ 2022 ਦੀ ਸੂਚੀ 'ਚ 3 ਭਾਰਤੀ ਵਿਦਿਆਰਥੀ ਸ਼ਾਮਲ, ਮਿਲੇਗਾ ਵੱਡਾ ਇਨਾਮ
ਖ਼ਬਰ ਵਿੱਚ ਦੱਸਿਆ ਗਿਆ ਕਿ ਪੈਟਰੋਲ ਪੰਪਾਂ 'ਤੇ 10 ਦਿਨਾਂ ਬਾਅਦ ਤੇਲ ਦੀ ਸਪਲਾਈ ਸ਼ੁਰੂ ਕੀਤੀ ਗਈ ਹੈ ਅਤੇ ਵੰਡ ਦਾ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਤੇਲ ਲੈਣ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਾਹਲੀ ਦੌਰਾਨ ਬਜ਼ੁਰਗ ਵਿਅਕਤੀ ਡਿੱਗ ਗਿਆ ਅਤੇ ਉਸ ਨੂੰ ਮਿਘਾਟੇਨਾ ਖੇਤਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ੍ਰੀਲੰਕਾ ਵਿੱਚ ਤੇਲ ਲਈ ਕਤਾਰਾਂ ਵਿੱਚ ਖੜ੍ਹੇ ਲੋਕਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਸਨ।