ਅਮਰੀਕਾ ਦੀ ਵਪਾਰ ਨੀਤੀ ਅਤੇ ਗੱਲਬਾਤ ਸਲਾਹਕਾਰ ਕਮੇਟੀ ''ਚ 2 ਭਾਰਤੀਆਂ ਦੇ ਨਾਮ ਸ਼ਾਮਲ
Saturday, Mar 11, 2023 - 01:40 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ 2 ਭਾਰਤੀ-ਅਮਰੀਕੀ ਨਾਗਰਿਕ ਫਲੈਕਸ ਦੀ ਮੁੱਖ ਕਾਰਜਕਾਰੀ ਅਧਿਕਾਰੀ ਰੇਵਤੀ ਅਦਵੈਤੀ ਅਤੇ ਨੈਚੁਰਲ ਰਿਸੋਰਸ ਡਿਫੈਂਸ ਕੌਂਸਲ ਦੇ ਸੀ.ਈ.ਓ. ਮਨੀਸ਼ ਬਾਪਨਾ ਨੂੰ ‘ਵਪਾਰ ਨੀਤੀ ਅਤੇ ਗੱਲਬਾਤ’ ਦੀ ਸਲਾਹਕਾਰ ਕਮੇਟੀ ਲਈ ਨਾਮਜ਼ਦ ਕੀਤਾ ਹੈ। ਬਾਈਡੇਨ ਨੇ ਸ਼ੁੱਕਰਵਾਰ ਨੂੰ ਸਲਾਹਕਾਰ ਕਮੇਟੀ ਵਿਚ 14 ਲੋਕਾਂ ਨੂੰ ਨਿਯੁਕਤ ਕਰਨ ਦਾ ਸੰਕੇਤ ਦਿੱਤਾ। ਇਹ ਕਮੇਟੀ ਅਮਰੀਕੀ ਵਪਾਰ ਨੀਤੀ ਦੇ ਵਿਕਾਸ, ਲਾਗੂ ਕਰਨ ਅਤੇ ਪ੍ਰਸ਼ਾਸਨ ਦੇ ਮਾਮਲਿਆਂ 'ਤੇ ਅਮਰੀਕੀ ਵਪਾਰ ਪ੍ਰਤੀਨਿਧੀਆਂ ਨੂੰ ਸਮੁੱਚੀ ਨੀਤੀ ਸਲਾਹ ਪ੍ਰਦਾਨ ਕਰਦੀ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ 2019 ਵਿੱਚ ਫਲੈਕਸ ਦੇ ਸੀ.ਈ.ਓ. ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਅਦਵੈਤੀ ਕੰਪਨੀ ਦੀ ਰਣਨੀਤਕ ਦਿਸ਼ਾ ਨਿਰਧਾਰਤ ਕਰਨ ਅਤੇ ਫਲੈਕਸ ਨੂੰ ਬਦਲਾਅ ਦੇ ਜ਼ਰੀਏ ਮੋਹਰੀ ਬਣਾਈ ਰੱਖਣ ਲਈ ਜ਼ਿੰਮੇਵਾਰ ਰਹੀ ਹੈ। ਇਹ ਕੰਪਨੀ ਨਿਰਮਾਣ ਵਿੱਚ ਇੱਕ ਨਵੇਂ ਯੁੱਗ ਨੂੰ ਪਰਿਭਾਸ਼ਤ ਕਰ ਰਹੀ ਹੈ। ਉਨ੍ਹਾਂ ਨੂੰ ਲਗਾਤਾਰ 4 ਸਾਲ ਫਾਰਚਿਊਨ ਦੀ ਉਦਯੋਗ ਵਿਚ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਅਤੇ ਬਿਜਨੈੱਸ ਟੁਡੇ ਦੀ ਭਾਰਤ ਵਿਚ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ ਮਨੀਸ਼ ਬਾਪਨਾ ਨੈਚੁਰਲ ਰਿਸੋਰਸ ਡਿਫੈਂਸ ਕੌਂਸਲ (ਐੱਨ.ਆਰ.ਡੀ.ਸੀ.) ਦੇ ਪ੍ਰਧਾਨ ਅਤੇ ਸੀ.ਈ.ਓ. ਹਨ। ਐੱਨ.ਆਰ.ਡੀ.ਸੀ. ਨੇ ਪਿਛਲੀ ਅੱਧੀ ਸਦੀ ਵਿੱਚ ਵਾਤਾਵਰਨ ਸੰਬੰਧੀ ਕਈ ਉਪਲੱਬਧੀਆਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਪਣੇ 25 ਸਾਲਾਂ ਦੇ ਕਰੀਅਰ ਵਿੱਚ ਬਾਪਨਾ ਦੀ ਅਗਵਾਈ, ਭੂਮਿਕਾਵਾਂ ਨੇ ਗਰੀਬੀ ਅਤੇ ਜਲਵਾਯੂ ਤਬਦੀਲੀ ਦੇ ਮੂਲ ਕਾਰਨਾਂ ਨਾਲ ਨਜਿੱਠਣ 'ਤੇ ਕੇਂਦਰਿਤ ਰਹੀ ਹੈ।