ਮੰਦਭਾਗੀ ਖਬਰ;ਸੁਨਹਿਰੀ ਭਵਿੱਖ ਲਈ US ਗਏ 2 ਭਾਰਤੀ Studentsਨੂੰ ਮਿਲੀ ਦਰਦਨਾਕ ਮੌਤ, ਪੁਲ ਤੋਂ ਹੇਠਾਂ ਡਿੱਗੀ ਕਾਰ
Tuesday, May 13, 2025 - 09:46 AM (IST)

ਨਿਊਯਾਰਕ (ਏਜੰਸੀ)- ਅਮਰੀਕਾ ਦੇ ਪੈਨਸਿਲਵੇਨੀਆ ਵਿੱਚ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਮਗਰੋਂ ਪੁਲ ਤੋਂ ਹੇਠਾਂ ਡਿੱਗਣ ਕਾਰਨ ਉਸ ਵਿਚ ਸਵਾਰ ਭਾਰਤੀ ਮੂਲ ਦੇ 2 ਵਿਦਿਆਰਥੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਵਾਪਰੇ ਇਸ ਹਾਦਸੇ ਵਿੱਚ ਕਾਰ ਦੀ ਅਗਲੀ ਸੀਟ 'ਤੇ ਬੈਠਾ ਇੱਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਇਸ ਮੰਦਭਾਗੇ ਸੜਕ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਇਸ ਹਾਦਸੇ ਵਿੱਚ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਭਾਰਤੀ ਮੂਲ ਦੇ ਵਿਦਿਆਰਥੀ ਮਾਨਵ ਪਟੇਲ (20) ਅਤੇ ਸੌਰਵ ਪ੍ਰਭਾਕਰ (23) ਦੀ ਜਾਨ ਚਲੀ ਗਈ।"
ਕੌਂਸਲੇਟ ਨੇ ਕਿਹਾ, 'ਇਸ ਮੁਸ਼ਕਲ ਸਮੇਂ ਦੌਰਾਨ ਸਾਡੀ ਹਮਦਰਦੀ ਅਤੇ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਕੌਂਸਲੇਟ ਮ੍ਰਿਤਕਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।' ਮੀਡੀਆ ਰਿਪੋਰਟਾਂ ਅਨੁਸਾਰ, ਵਿਦਿਆਰਥੀਆਂ ਦੀ ਮੌਤ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਬ੍ਰੈਕਨੌਕ ਟਾਊਨਸ਼ਿਪ ਦੇ ਪੈਨਸਿਲਵੇਨੀਆ ਟਰਨਪਾਈਕ 'ਤੇ ਵਾਪਰੇ ਹਾਦਸੇ ਵਿੱਚ ਹੋਈ। ਲੈਂਕੈਸਟਰ ਕਾਉਂਟੀ ਕੋਰੋਨਰ ਦੇ ਦਫ਼ਤਰ ਅਤੇ ਪੈਨਸਿਲਵੇਨੀਆ ਸਟੇਟ ਪੁਲਸ ਦੇ ਅਨੁਸਾਰ, ਹਾਦਸੇ ਦੇ ਸਮੇਂ ਪ੍ਰਭਾਕਰ ਵਾਹਨ ਚਲਾ ਰਿਹਾ ਸੀ। ਪੁਲਸ ਦਾ ਕਹਿਣਾ ਹੈ ਕਿ ਗੰਭੀਰ ਸੱਟਾਂ ਕਾਰਨ ਦੋਵਾਂ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।