ਅਮਰੀਕਾ 'ਚ ਸੜਕ ਹਾਦਸੇ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ
Monday, Dec 02, 2019 - 11:21 AM (IST)

ਵਾਸ਼ਿੰਗਟਨ— ਅਮਰੀਕਾ 'ਚ ਟੈਨੇਸੀ ਸੂਬੇ ਦੇ ਦੱਖਣੀ ਨੈਸ਼ਵਿਲੇ 'ਚ ਇਕ ਸੜਕ ਦੁਰਘਟਨਾ 'ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਇਨ੍ਹਾਂ ‘ਚੋਂ ਇਕ ਲੜਕੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜੂਡੀ ਸਟੇਨਲੀ (23) ਅਤੇ ਵੈਭਵ ਗੋਪੀਸੇਟੀ (26) ਟੈਨੇਸੀ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਅਤੇ ਉਹ ਕਾਲਜ ਆਫ ਐਗਰੀਕਲਚਰ ਤੋਂ ਪੜ੍ਹਾਈ ਕਰ ਰਹੇ ਸਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਭਾਰਤ 'ਚ ਇਨ੍ਹਾਂ ਦੇ ਅੰਤਿਮ ਸੰਸਕਾਰ ਦਾ ਬੰਦੋਬਸਤ ਕਰਨ ਲਈ 42,000 ਡਾਲਰ ਤੋਂ ਵਧੇਰੇ ਦਾ ਫੰਡ ਇਕੱਠਾ ਕੀਤਾ ਹੈ।
ਸਥਾਨਕ ਪੁਲਸ ਮੁਤਾਬਕ ਅਜਿਹਾ ਲੱਗ ਰਿਹਾ ਹੈ ਕਿ ਸਟੇਨਲੀ ਅਤੇ ਗੋਪੀਸੇਟੀ ਦੀ 28 ਨਵੰਬਰ ਦੀ ਰਾਤ ਨੂੰ 'ਹਿਟ ਐਂਡ ਰਨ' ਮਾਮਲੇ 'ਚ ਮੌਤ ਹੋ ਗਈ। ਮੈਟਰੋ ਨੈਸ਼ਵਿਲੇ ਪੁਲਸ ਵਿਭਾਗ ਨੇ ਐਤਵਾਰ ਨੂੰ ਦੱਸਿਆ ਕਿ ਇਸ ਹਾਦਸੇ 'ਚ ਸ਼ਾਮਲ ਟਰੱਕ ਦੇ ਮਾਲਕ ਡੇਵਿਡ ਟੋਰੇਸ (26) ਨੇ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਟੋਰੇਸ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਅਧਿਕਾਰੀਆਂ ਨੇ ਡੀ. ਐੱਨ. ਏ. ਨਮੂਨੇ ਲੈ ਲਏ ਹਨ ਅਤੇ ਜਾਂਚ ਚੱਲ ਰਹੀ ਹੈ।'' ਪੁਲਸ ਮੁਤਾਬਕ ਟੋਰੇਸ ਦੇ ਟਰੱਕ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ 'ਚ ਦੋਵੇਂ ਭਾਰਤੀ ਵਿਦਿਆਰਥੀ ਸਵਾਰ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ।