ਅਮਰੀਕੀ ਯੂਨੀਵਰਸਿਟੀ 'ਚ ਗੋਲੀਬਾਰੀ, 2 ਦੀ ਮੌਤ ਤੇ 4 ਜ਼ਖਮੀ

05/01/2019 8:48:38 AM

ਉੱਤਰੀ ਕੈਰੋਲੀਨਾ— ਅਮਰੀਕਾ ਦੇ ਚਾਰਲੋਟ ਸ਼ਹਿਰ 'ਚ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਕੈਂਪਸ 'ਚ ਮੰਗਲਵਾਰ ਸ਼ਾਮ ਸਮੇਂ ਗੋਲੀਬਾਰੀ ਹੋਈ ਜਿਸ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਹੋਰ 4 ਜ਼ਖਮੀ ਹਨ। ਸਥਾਨਕ ਮੀਡੀਆ ਮੁਤਾਬਕ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਕੈਂਪਸ 'ਚ ਸ਼ਾਮ ਦੇ ਤਕਰੀਬਨ 6 ਕੁ ਵਜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ। ਯੂਨੀਵਰਸਿਟੀ ਵਲੋਂ ਟਵੀਟ ਕਰਕੇ ਸਭ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇੱਥੇ ਇਸ ਸਾਲ ਦੇ ਸੈਸ਼ਨ ਦਾ ਆਖਰੀ ਦਿਨ ਸੀ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ। ਸ਼ੱਕੀ ਹਮਲਾਵਰ ਦੀ ਪਛਾਣ 22 ਸਾਲਾ ਇਤਿਹਾਸ ਦੇ ਵਿਦਿਆਰਥੀ ਵਜੋਂ ਹੋਈ ਹੈ ਅਤੇ ਇਸ  ਸਮੇਂ ਉਹ ਪੁਲਸ ਦੀ ਹਿਰਾਸਤ 'ਚ ਹੈ। ਮ੍ਰਿਤਕ ਮੁੰਡਿਆਂ ਦੀ ਉਮਰ 17 ਅਤੇ 18 ਸਾਲ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਲੱਗਦਾ ਹੈ ਕਿ ਇਕੋ ਹਮਲਾਵਰ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਚਾਰਲੋਟ ਦੀ ਮੇਅਰ ਵੀ. ਲਾਈਲਸ ਨੇ ਕਿਹਾ ਕਿ ਉਹ ਅਜਿਹੀ ਘਟਨਾ ਬਾਰੇ ਸੁਣ ਕੇ ਹੈਰਾਨ ਅਤੇ ਦੁਖੀ ਹਨ। ਉਨ੍ਹਾਂ ਕਿਹਾ ਕਿ ਮੈਂ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਸਾਂਝੀ ਕਰਦੀ ਹਾਂ। ਜ਼ਿਕਰਯੋਗ ਹੈ ਕਿ ਅਮਰੀਕਾ 'ਚ 5 ਕੁ ਦਿਨਾਂ ਵਿਚਕਾਰ ਹੀ 3 ਥਾਵਾਂ 'ਤੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਬੀਤੇ ਦਿਨੀਂ ਇਕ ਯਹੂਦੀ ਚਰਚ ਸਾਹਮਣੇ ਗੋਲੀਬਾਰੀ ਹੋਈ ਅਤੇ ਐਤਵਾਰ ਨੂੰ ਸਿੱਖ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਹੋਇਆ।


Related News