ਕਰਤਾਰਪੁਰ ਕੋਰੀਡੋਰ ਕਾਰਨ 74 ਸਾਲ ਬਾਅਦ ਮਿਲੇ ਦੋ ਭਰਾ, ਭਾਵੁਕ ਹੋ ਇਕ-ਦੂਜੇ ਨੂੰ ਮਿਲੇ (ਵੀਡੀਓ)
Wednesday, Jan 12, 2022 - 05:25 PM (IST)
ਇਸਲਾਮਾਬਾਦ (ਬਿਊਰੋ): ਭਾਰਤ-ਪਾਕਿਸਤਾਨ ਵਿਚਾਲੇ ਖੁੱਲ੍ਹਿਆ ਕਰਤਾਰਪੁਰ ਲਾਂਘਾ ਫਿਰ ਤੋਂ ਦੋ ਦਿਲਾਂ ਨੂੰ ਜੋੜਨ ਦਾ ਜ਼ਰੀਆ ਬਣ ਗਿਆ ਹੈ। ਇਸ ਵਾਰ ਲਾਂਘੇ ਕਾਰਨ ਦੋ ਵੱਖ ਹੋਏ ਭਰਾ 74 ਸਾਲਾਂ ਬਾਅਦ ਮਿਲੇ ਹਨ। ਇਹ ਦੋਵੇਂ ਭਰਾ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਦੋਵਾਂ ਭਰਾਵਾਂ ਦੀ ਪਛਾਣ ਮੁਹੰਮਦ ਸਿੱਦੀਕ ਅਤੇ ਭਾਰਤ ਵਿਚ ਰਹਿਣ ਵਾਲੇ ਉਸ ਦੇ ਭਰਾ ਹਬੀਬ ਉਰਫ਼ ਸ਼ੇਲਾ ਵਜੋਂ ਹੋਈ ਹੈ।
74 ਸਾਲ ਬਾਅਦ ਮਿਲੇ ਦੋਵੇਂ ਭਰਾ
ਪਾਕਿਸਤਾਨੀ ਮੀਡੀਆ ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਮੁਤਾਬਕ 80 ਸਾਲ ਦੇ ਮੁਹੰਮਦ ਸਦੀਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿੱਚ ਰਹਿੰਦੇ ਹਨ। ਵੰਡ ਵੇਲੇ ਉਹ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ। ਉਸ ਦਾ ਭਰਾ ਹਬੀਬ ਉਰਫ਼ ਸ਼ੈਲਾ ਭਾਰਤ ਦੇ ਪੰਜਾਬ ਵਿੱਚ ਰਹਿੰਦਾ ਹੈ। ਕਰਤਾਰਪੁਰ ਲਾਂਘੇ ਵਿੱਚ ਇੰਨੇ ਲੰਬੇ ਸਮੇਂ ਬਾਅਦ ਇੱਕ ਦੂਜੇ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਨ੍ਹਾਂ ਨੇ ਭਾਵੁਕ ਹੋ ਕੇ ਜੱਫੀ ਪਾ ਲਈ। ਤਸਵੀਰ 'ਚ ਦੋਵੇਂ ਕਰਤਾਰਪੁਰ ਲਾਂਘੇ 'ਚ ਆਪਣੇ-ਆਪਣੇ ਰਿਸ਼ਤੇਦਾਰਾਂ ਨਾਲ ਨਜ਼ਰ ਆ ਰਹੇ ਹਨ। ਮੁਲਾਕਾਤ ਦੌਰਾਨ ਦੋਵੇਂ ਭਰਾ ਭਾਵੁਕ ਹੋ ਕੇ ਇਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆਏ।
ਪੜ੍ਹੋ ਇਹ ਅਹਿਮ ਖ਼ਬਰ- ਜਾਣੋ 2022 'ਚ ਕਿਹੜੇ ਦੇਸ਼ ਦਾ 'ਪਾਸਪੋਰਟ' ਹੈ ਸਭ ਤੋਂ ਸ਼ਕਤੀਸ਼ਾਲੀ ਅਤੇ ਭਾਰਤੀ ਪਾਸਪੋਰਟ ਦੀ ਰੈਕਿੰਗ
ਵੀਡੀਓ ਹੋਇਆ ਵਾਇਰਲ
ਸੋਸ਼ਲ ਮੀਡੀਆ 'ਤੇ ਇਹਨਾਂ ਦੋਹਾਂ ਭਰਾਵਾਂ ਦੀ ਮੁਲਾਕਾਤ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿੱਚ ਪਰਿਵਾਰ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕਾਂ ਦੇ ਅਧਿਕਾਰੀ ਵੀ ਨਜ਼ਰ ਆ ਰਹੇ ਹਨ।ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕਰਤਾਰਪੁਰ ਲਾਂਘੇ 'ਤੇ 74 ਸਾਲਾਂ ਬਾਅਦ ਵੱਖ ਹੋਏ ਦੋ ਦੋਸਤ ਮਿਲੇ ਸਨ। ਭਾਰਤ ਵਿਚ ਰਹਿੰਦੇ ਸਰਦਾਰ ਗੋਪਾਲ ਸਿੰਘ 1947 ਵਿੱਚ ਵਿਛੜੇ ਆਪਣੇ ਬਚਪਨ ਦੇ ਦੋਸਤ ਮੁਹੰਮਦ ਬਸ਼ੀਰ ਨਾਲ ਮਿਲੇ ਸਨ, ਜੋ ਹੁਣ 91 ਸਾਲਾ ਦੇ ਹੋ ਚੁੱਕੇ ਹਨ। ਇਸ ਸਮੇਂ ਸਰਦਾਰ ਗੋਪਾਲ ਸਿੰਘ ਦੀ ਉਮਰ 94 ਸਾਲ ਹੈ ਜਦੋਂ ਕਿ ਮੁਹੰਮਦ ਬਸ਼ੀਰ ਦੀ ਉਮਰ 91 ਸਾਲ ਹੈ।
Kartarpur Sahib corridor has reunited two elderly brothers across the Punjab border after 74 years. The two brothers had parted ways at the time of partition. A corridor of reunion 🙏 pic.twitter.com/g2FgQco6wG
— Gagandeep Singh (@Gagan4344) January 12, 2022
ਜਾਣੋ ਕਰਤਾਰਪੁਰ ਕੋਰੀਡਰ ਬਾਰੇ
ਭਾਰਤ ਦੇ ਪੰਜਾਬ ਦੇ ਡੇਰਾ ਬਾਬਾ ਨਾਨਕ ਤੋਂ ਪਾਕਿ ਸਰਹੱਦ ਤੱਕ ਕੋਰੀਡੋਰ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਪਾਕਿਸਤਾਨ ਨੇ ਸਰਹੱਦ ਤੋਂ ਨਾਰੋਵਾਲ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਤੱਕ ਵੀ ਲਾਂਘਾ ਬਣਾਇਆ ਹੈ। ਇਸ ਨੂੰ ਕਰਤਾਰਪੁਰ ਸਾਹਿਬ ਲਾਂਘਾ ਕਿਹਾ ਜਾਂਦਾ ਹੈ। ਕਰਤਾਰਪੁਰ ਸਾਹਿਬ ਸਿੱਖਾਂ ਦਾ ਪਵਿੱਤਰ ਤੀਰਥ ਅਸਥਾਨ ਹੈ। ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਤੋਂ ਤਿੰਨ ਤੋਂ ਚਾਰ ਕਿਲੋਮੀਟਰ ਅਤੇ ਲਾਹੌਰ ਤੋਂ ਲਗਭਗ 120 ਕਿਲੋਮੀਟਰ ਦੂਰ ਹੈ। ਇਹ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਸਥਾਨ ਸੀ ਅਤੇ ਇੱਥੇ ਹੀ ਉਹ ਜੋਤਿ ਜੋਤ ਸਮਾਏ ਸਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।