ਪਾਕਿਸਤਾਨ 'ਚ ਈਸ਼ਨਿੰਦਾ ਦੇ ਦੋਸ਼ 'ਚ ਦੋ ਵਿਅਕਤੀ ਗ੍ਰਿਫ਼ਤਾਰ
Tuesday, May 17, 2022 - 12:31 PM (IST)

ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸੋਸ਼ਲ ਮੀਡੀਆ 'ਤੇ ਈਸ਼ਨਿੰਦਾ ਸਮੱਗਰੀ ਪੋਸਟ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੇਸ਼ 'ਚ ਇਸ ਅਪਰਾਧ ਦੇ ਦੋਸ਼ੀ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਲਾਹੌਰ ਨੇ ਸੋਮਵਾਰ ਨੂੰ ਇਕ ਸ਼ਿਕਾਇਤ ਦੇ ਆਧਾਰ 'ਤੇ ਮੁਹੰਮਦ ਉਸਾਮਾ ਸ਼ਫੀਕ ਅਤੇ ਮੈਸਾਮ ਅੱਬਾਸ ਨੂੰ ਗ੍ਰਿਫ਼ਤਾਰ ਕੀਤਾ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਦੋਵਾਂ ਨੇ ਫੇਸਬੁੱਕ ਅਤੇ ਵਟਸਐਪ 'ਤੇ ਪੈਗੰਬਰ ਅਤੇ ਪਵਿੱਤਰ ਕੁਰਾਨ ਦਾ ਅਪਮਾਨ ਕੀਤਾ ਹੈ।
ਐਫਆਈਏ ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਦੋਵਾਂ ਸ਼ੱਕੀਆਂ ਨੇ ਫੇਸਬੁੱਕ 'ਤੇ ਕੁਰਾਨ ਦੀਆਂ ਆਇਤਾਂ ਨਾਲ ਇਤਰਾਜ਼ਯੋਗ ਵੀਡੀਓ ਅਪਲੋਡ ਕੀਤੇ ਸਨ। ਉਹਨਾਂ ਨੇ ਅਜਿਹੀ ਸਮੱਗਰੀ ਨੂੰ ਵਟਸਐਪ ਗਰੁੱਪਾਂ 'ਤੇ ਵੀ ਸਾਂਝਾ ਕੀਤਾ। ਅਧਿਕਾਰੀ ਨੇ ਕਿਹਾ ਕਿ ਕਾਨੂੰਨ ਦੇ ਤਹਿਤ ਸ਼ੱਕੀ ਵਿਅਕਤੀਆਂ ਨੇ ਪੈਗੰਬਰ ਅਤੇ ਅੱਲ੍ਹਾ ਲਈ ਇਤਰਾਜ਼ਯੋਗ ਸਮੱਗਰੀ ਸ਼ੇਅਰ ਕਰ ਕੇ ਈਸ਼ਨਿੰਦਾ ਕੀਤੀ ਹੈ। ਉਨ੍ਹਾਂ ਨੇ ਕੁਰਾਨ ਦਾ ਵੀ ਅਪਮਾਨ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ (ਪੀਪੀਸੀ) ਅਤੇ ਇਲੈਕਟ੍ਰਾਨਿਕ ਕ੍ਰਾਈਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ - ਸਿੱਖਾਂ ਦੇ ਕਤਲ ਦੇ ਵਿਰੋਧ 'ਚ ਨਨਕਾਣਾ ਸਾਹਿਬ ਅਤੇ ਪੇਸਾਵਰ 'ਚ ਜ਼ੋਰਦਾਰ ਪ੍ਰਦਰਸ਼ਨ (ਵੀਡੀਓ)
ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਸ਼ੱਕੀਆਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ-1986 ਤਹਿਤ ਪੀਪੀਸੀ 'ਚ ਧਾਰਾ 295ਸੀ ਸ਼ਾਮਲ ਕੀਤੀ ਗਈ ਹੈ, ਜਿਸ 'ਚ ਪੈਗੰਬਰ ਦਾ ਅਪਮਾਨ ਕਰਨ ਵਾਲੇ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਦੇਣ ਦੀ ਵਿਵਸਥਾ ਹੈ।