ਟਵਿਟਰ ਦੀ ਵੱਡੀ ਕਾਰਵਾਈ, ਬੰਦ ਕੀਤੇ 1.50 ਲੱਖ ਤੋਂ ਜ਼ਿਆਦਾ ਚੀਨੀ ਸਮਰਥਨ ਵਾਲੇ ਖਾਤੇ
Friday, Jun 12, 2020 - 12:21 PM (IST)
ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਵੱਡੀ ਕਾਰਵਾਈ ਕਰਦੇ ਹੋਏ 1.70 ਲੱਖ ਖਾਤੇ ਬੰਦ ਕਰ ਦਿੱਤੇ ਹਨ। ਇਹ ਸਾਰੇ ਖਾਤੇ ਚੀਨੀ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰਨ ਦੀ ਆੜ ’ਚ ਮੁਹਿੰਮ ਚਲਾ ਰਹੇ ਸਨ। ਨਾਲ ਹੀ ਇਨ੍ਹਾਂ ਖਾਤਿਆਂ ਦੁਆਰਾ ਗਲਤ ਜਾਣਕਾਰੀ ਵੀ ਫ਼ੈਲਾਈ ਜਾ ਰਹੀ ਸੀ। ਉਥੇ ਹੀ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਖਾਤਿਆਂ ਦੇ ਉਪਭੋਗਤਾਵਾਂ ਨੇ ਸਾਡੀਆਂ ਨੀਤੀਆਂ ਦਾ ਉਲੰਘਣ ਕੀਤਾ ਹੈ।
ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ, ਮਾਹਰਾਂ ਦਾ ਕਹਿਣਾ ਹੈ ਕਿ ਬੰਦ ਕੀਤੇ ਗਏ ਸਾਰੇ ਖਾਤਿਆਂ ਦੇ ਟਵੀਟ ’ਚ ਹਾਂਗਕਾਂਗ ਦੇ ਵਿਰੋਧ ਪ੍ਰਦਰਸ਼ਨ ਅਤੇ ਕੋਵਿਡ-19 ਦਾ ਜ਼ਿਕਰ ਸੀ। ਇਸ ਤੋਂ ਇਲਾਵਾ ਇਨ੍ਹਾਂ ਟਵੀਟ ’ਚ ਕਮਿਊਨਿਸਟ ਪਾਰਟੀ ਆਫ਼ ਚੀਨ ਦਾ ਸਮਰਥਨ ਵੀ ਕੀਤਾ ਸੀ। ਇਸ ਕਾਰਨ ਇਨ੍ਹਾਂ ਸਾਰੇ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸਾਰੇ ਟਵੀਟ ਚੀਨੀ ਭਾਸ਼ਾ ’ਚ ਕੀਤੇ ਗਏ ਸਨ।
ਟਵਿਟਰ ਨੇ ਕਿਹਾ ਹੈ ਕਿ ਅਸੀਂ 23,750 ਖਾਤਿਆਂ ਦੀ ਪਛਾਣ ਕੀਤੀ ਹੈ, ਜੋ ਚੀਨ ਦਾ ਸਮਰਥਨ ਕਰ ਰਹੇ ਸਨ। ਇਸ ਦੇ ਨਾਲ 1.50 ਲੱਖ ਖਾਤੇ ਅਜਿਹੇ ਵੀ ਸਨ, ਜੋ ਇਨ੍ਹਾਂ ਖਾਤਿਆਂ ਰਾਹੀਂ ਕੀਤੇਗਏ ਟਵੀਟ ਨੂੰ ਪ੍ਰਮੋਟ ਕਰਨ ਦਾ ਕੰਮ ਕਰਦੇ ਸਨ। ਇਸ ਤੋਂ ਇਲਾਵਾ ਆਸਟਰੇਲੀਅਨ ਰਣਨੀਤਕ ਨੀਤੀ ਸੰਸਥਾ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਚੀਨੀ ਮੁਹਿੰਮ ਦਾ ਮਕਸਦ ਵਿਦੇਸ਼ ’ਚ ਰਹਿਣ ਵਾਲੇ ਚੀਨੀ ਨਾਗਰਿਕਾਂ ਨੂੰ ਟਾਰਗੇਟ ਕਰਨਾ ਸੀ।
ਸਟੈਨਫੋਰਡ ਇੰਟਰਨੈਟ ਆਬਜ਼ਰਵੇਟਰੀ ਦੀ ਰਿਸਰਚ ਮੈਨੇਜਰ ਰੇਨੀ ਡਿਏਸਟਾ ਦਾ ਕਹਿਣਾ ਹੈ ਕਿ ਇਨ੍ਹਾਂ 23,750 ਖਾਤਿਆਂ ਰਾਹੀਂ ਕਰੀਬ 348,608 ਵਾਰ ਟਵੀਟ ਕੀਤੇ ਗਏ ਸਨ। ਇਨ੍ਹਾਂ ਟਵੀਟ ’ਚ ਹਾਂਗਕਾਂਗ ਵਿਰੋਧ ਪ੍ਰਦਰਸ਼ਨ ਅਤੇ ਕੋਰੋਨਾ ਲਾਗ ਦਾ ਜ਼ਿਕਰ ਸੀ। ਉਨ੍ਹਾਂ ਅੱਗੇ ਕਿਹਾ ਹੈ ਕਿ ਇਨ੍ਹਾਂ ਖਾਤਿਆਂ ਰਾਹੀਂ ਮਹਾਮਾਰੀ ਨੂੰ ਲੈ ਕੇ ਅਮਰੀਕਾ ਦੀ ਆਲੋਚਨਾ ਵੀ ਕੀਤੀ ਗਈ ਸੀ।