ਨਿਊਜ਼ੀਲੈਂਡ ਦੀ ਪ੍ਰੋਫੈਸਰ ਨੇ ਚੀਨ ਦੇ ਰਾਸ਼ਟਰਪਤੀ ਦੀ ਕੀਤੀ ਆਲੋਚਨਾ, ਟਵਿੱਟਰ ਨੇ ਬੰਦ ਕੀਤਾ ''ਅਕਾਊਂਟ''
Wednesday, Jul 07, 2021 - 06:25 PM (IST)
ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਹਨਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਮਜ਼ਾਕ ਕੀਤਾ ਤਾਂ ਟਵਿੱਟਰ ਨੇ ਅਸਥਾਈ ਤੌਰ 'ਤੇ ਉਹਨਾਂ ਦਾ ਅਕਾਊਂਟ ਬੰਦ ਕਰ ਦਿੱਤਾ। ਕੈਟਰਬਰੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਏਨ ਮੈਰੀ ਬ੍ਰੈਡੀ ਚੀਨ ਦੀ ਵਿਦੇਸ਼ ਨੀਤੀ ਦੀ ਮਾਹਰ ਅਤੇ ਕਮਿਊਨਿਸਟ ਪਾਰਟੀ ਦੀ ਕੱਟੜ ਆਲੋਚਕ ਹੈ। ਪਿਛਲੇ ਹਫ਼ਤੇ ਉਹਨਾਂ ਨੇ ਪਾਰਟੀ ਦੀ 100ਵੀਂ ਵਰ੍ਹੇਗੰਢ ਮੌਕੇ ਹੋਏ ਉਤਸਵ ਦਾ ਮਜ਼ਾਕ ਉਡਾਉਂਦੇ ਹੋਏ ਟਵੀਟ ਕੀਤਾ ਸੀ।
ਬ੍ਰੈਡੀ ਨੇ ਕਿਹਾ ਕਿ ਟਵਿੱਟਰ ਨੇ ਉਹਨਾਂ ਦੇ ਦੋ ਟਵੀਟ ਨੂੰ 'ਅਣਉਪਲਬਧ' ਕਰ ਦਿੱਤਾ ਅਤੇ ਵੀਕੈਂਡ ਵਿਚ ਉਹਨਾਂ ਦੇ ਖਾਤੇ 'ਤੇ ਅਸਥਾਈ ਰੋਕ ਲਗਾ ਦਿੱਤੀ ਗਈ। ਉਸ ਮਗਰੋਂ ਸੋਮਵਾਰ ਨੂੰ ਖਾਤਾ ਮੁੜ ਚਾਲੂ ਕਰ ਦਿੱਤਾ ਗਿਆ। ਟਵਿੱਟਰ ਵੱਲੋਂ ਇਸ ਕਾਰਵਾਈ 'ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਬ੍ਰਿਟੇਨ ਵਿਚ ਦੀ ਟਾਈਮਜ਼ ਅਖ਼ਬਾਰ ਵਿਚ ਕਾਲਮ ਲੇਖਕ ਐਡਵਰਡ ਲੁਕਾਸ ਨੇ ਲਿਖਿਆ ਕਿ ਅਜਿਹਾ ਕਮਿਊਨਿਸਟ ਪਾਰਟੀ ਦੇ ਏਜੰਟਾਂ ਦੀ ਆਨਲਾਈਨ ਸ਼ਿਕਾਇਤ ਮੁਹਿੰਮ ਕਾਰਨ ਕੀਤਾ ਗਿਆ ਹੋਵੇਗਾ। ਲੁਕਾਸ ਨੇ ਲਿਖਿਆ,''ਮੈਂ ਜਦੋਂ ਟਵਿੱਟਰ 'ਤੇ ਗੁੱਸਾ ਜ਼ਾਹਰ ਕੀਤਾ ਅਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਕਰਾਈਆਂ ਉਦੋਂ ਉਹਨਾਂ ਦਾ ਖਾਤਾ ਮੁੜ ਚਾਲੂ ਹੋਇਆ।''
ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਸੈਨਾ ਦੇ ਹੱਟਦੇ ਹੀ ਅਫਗਾਨਿਸਤਾਨ 'ਤੇ ਚੀਨ ਦੀ ਨਜ਼ਰ, ਪੇਸ਼ਾਵਰ ਤੋਂ ਕਾਬੁਲ ਤੱਕ ਬਣਾਏਗਾ ਮੋਟਰ-ਵੇਅ
ਬ੍ਰੈਡੀ ਨੇ ਟਵੀਟ ਕਰ ਕੇ ਲੁਕਾਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਟਵਿੱਟਰ ਤੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਬ੍ਰੈਡੀ ਨੇ ਲਿਖਿਆ,''ਚੀਨੀ ਪਾਬੰਦੀਆਂ ਖ਼ਿਲਾਫ਼ ਬੋਲਣ ਵਾਲੇ ਘੱਟ ਪ੍ਰਭਾਵਸ਼ਾਲੀ ਲੋਕਾਂ ਦੀ ਗੱਲ ਸੁਣੇ ਜਾਣ ਦੀ ਸੰਭਾਵਨਾ ਘੱਟ ਹੋਵੇਗੀ। ਅਜਿਹਾ ਲੱਗਦਾ ਹੈ ਕਿ ਟਵਿੱਟਰ ਇਹ ਭੁੱਲ ਗਿਆ ਹੋਵੇਗਾ ਕਿ ਉਹ ਸ਼ੀ ਜਿਨਪਿੰਗ ਲਈ ਕੰਮ ਨਹੀਂ ਕਰਦਾ।''
ਨੋਟ- ਚੀਨ ਦੇ ਰਾਸ਼ਟਰਪਤੀ ਦੀ ਆਲੋਚਨਾ ਕਰਨ 'ਤੇ ਟਵਿੱਟਰ ਨੇ ਬੰਦਾ ਕੀਤਾ ਨਿਊਜ਼ੀਲੈਂਡ ਦੀ ਪ੍ਰੋਫੈਸਰ ਦਾ 'ਅਕਾਊਂਟ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।