ਫੇਕ ਵੀਡੀਓ ਸ਼ੇਅਰ ਕਰ ਬੁਰੇ ਫਸੇ ਪਾਕਿ ਰਾਸ਼ਟਰਪਤੀ, ਟਵਿੱਟਰ ਵਲੋਂ ਮਿਲਿਆ ਨੋਟਿਸ

08/26/2019 4:29:45 PM

ਇਸਲਾਮਾਬਾਦ— ਪਾਕਿਸਤਾਨ ਦੇ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਜੰਮੂ ਕਸ਼ਮੀਰ ਦੇ ਹਾਲਾਤਾਂ 'ਤੇ ਫੇਕ ਵੀਡੀਓ ਟਵੀਟ ਕਰਕੇ ਫਸ ਗਏ ਹਨ। ਕੰਪਨੀ ਵਲੋਂ ਰਾਸ਼ਟਰਪਤੀ ਨੂੰ ਹੁਣ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ਤੋਂ ਬਾਅਦ ਪਾਕਿਸਤਾਨੀ ਮੰਤਰੀ ਕਹਿ ਰਹੇ ਹਨ ਕਿ ਟਵਿੱਟਰ ਵੀ ਹੁਣ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਏਜੰਡੇ ਨੂੰ ਅੱਗੇ ਵਧਾਉਣ 'ਚ ਲੱਗਾ ਹੋਇਆ ਹੈ। ਪਾਕਿਸਤਾਨੀ ਮੀਡੀਆ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪੰਜ ਅਗਸਤ ਨੂੰ ਜਦੋਂ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਨੂੰ ਹਟਾਉਣ ਦਾ ਫੈਸਲਾ ਲਿਆ ਸੀ ਤਾਂ ਉਸ ਤੋਂ ਬਾਅਦ ਟਵਿੱਟਰ ਨੇ ਵੀ ਫੇਕ ਟਵੀਟ ਕਰਨ ਵਾਲਿਆਂ ਖਿਲਾਫ ਐਕਸ਼ਨ ਲਿਆ ਸੀ।

24 ਅਗਸਤ ਨੂੰ ਸ਼ੇਅਰ ਕੀਤੀ ਸੀ ਫੇਕ ਵੀਡੀਓ
ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਾਜਰੀ ਨੇ ਇਸ ਪੂਰੇ ਮਾਮਲੇ 'ਤੇ ਟਵੀਟ ਕੀਤਾ ਤੇ ਲਿਖਿਆ ਕਿ ਟਵਿੱਟਰ ਅਸਲ 'ਚ ਮੋਦੀ ਸਰਕਾਰ ਵੱਲ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਨੇ ਸਾਡੇ ਰਾਸ਼ਟਰਪਤੀ ਨੂੰ ਨੋਟਿਸ ਭੇਜਿਆ ਹੈ। ਇਹ ਬਹੁਤ ਬੁਰਾ ਤੇ ਬੇਤੁੱਕਾ ਹੈ। ਮਾਜਰੀ ਨੇ ਟਵਿੱਟਰ 'ਤੇ ਈਮੇਲ ਨੂੰ ਸ਼ੇਅਰ ਕੀਤਾ ਹੈ, ਜੋ ਟਵਿੱਟਰ ਵਲੋਂ ਭੇਜਿਆ ਗਿਆ ਹੈ। 24 ਅਗਸਤ ਨੂੰ ਅਲਵੀ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜੋ ਵਿਦੇਸ਼ੀ ਮੀਡੀਆ ਵਲੋਂ ਜਾਰੀ ਕੀਤੀ ਗਈ ਸੀ। ਇਸ ਵੀਡੀਓ ਨੂੰ ਅਲਵੀ ਨੇ ਸ਼੍ਰੀਨਗਰ'ਚ ਜਾਰੀ ਵਿਰੋਧ ਪ੍ਰਦਰਸ਼ਨ ਕਰਾਰ ਦਿੱਤਾ ਸੀ। 
ਹੁਣ ਤੱਕ 200 ਪਾਕਿਸਤਾਨੀਆਂ ਦੇ ਖਾਤਿਆਂ 'ਤੇ ਹੋਇਆ ਐਕਸ਼ਨ
ਐਤਵਾਰ ਨੂੰ ਇਮਰਾਨ ਸਰਕਾਰ 'ਚ ਕਮਿਊਨਿਕੇਸ਼ਨ ਮੰਤਰੀ ਮੁਰਾਦ ਸਈਦ ਨੇ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਵੀ ਟਵਿੱਟਰ ਵਲੋਂ ਇਕ ਅਜਿਹਾ ਹੀ ਨੋਟਿਸ ਭੇਜਿਆ ਗਿਆ ਹੈ, ਜਿਸ 'ਚ ਭਾਰਤੀ ਕਾਨੂੰਨਾਂ ਦੇ ਉਲੰਘਣ ਦਾ ਹਵਾਲਾ ਦਿੱਤਾ ਗਿਆ ਹੈ। ਪਾਕਿਸਤਾਨ 'ਚ ਕਈ ਸੋਸ਼ਲ ਮੀਡੀਆ ਖਾਤਿਆਂ ਨੂੰ ਬੰਦ ਕੀਤਾ ਗਿਆ ਹੈ, ਜੋ ਕਸ਼ਮੀਰ ਨਾਲ ਜੁੜੀਆਂ ਫੇਕ ਖਬਰਾਂ ਨੂੰ ਸ਼ੇਅਰ ਕਰ ਰਹੇ ਹਨ। ਟਵਿੱਟਰ ਦੀ ਜਾਂਚ 'ਚ ਪੰਜ ਅਗਸਤ ਤੋਂ ਬਾਅਦ ਤੋਂ 200 ਪਾਕਿਸਤਾਨੀ ਖਾਤਿਆਂ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਆਈ.ਐੱਸ.ਪੀ.ਆਰ. ਦੇ ਮੇਜਰ ਜਨਰਲ ਆਸਿਫ ਗਫੂਰ ਵਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਅਥਾਰਟੀ ਨੇ ਗੰਭੀਰਤਾ ਨਾਲ ਲਿਆ ਹੈ ਤੇ ਇਸ ਮਾਮਲੇ ਪਿੱਛੇ ਭਾਰਤ ਦਾ ਹੱਥ ਹੈ।

ਜ਼ਿਕਰਯੋਗ ਹੈ ਕਿ ਅਲਵੀ ਨੇ ਇਸ ਤੋਂ ਪਹਿਲਾਂ ਭਾਰਤ ਨੂੰ ਕਸ਼ਮੀਰ ਮੁੱਦੇ 'ਤੇ ਜੰਗ ਦੀ ਧਮਕੀ ਦਿੱਤੀ ਸੀ ਤੇ ਕਿਹਾ ਸੀ ਕਿ ਭਾਰਤ ਅੱਗ ਨਾਲ ਖੇਡ ਰਿਹਾ ਹੈ। ਇਸ ਦੇ ਨਾਲ ਹੀ ਅਲਵੀ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤ ਨੇ ਪਾਕਿਸਤਾਨ ਨਾਲ ਕਸ਼ਮੀਰ ਮਸਲੇ ਦਾ ਹੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰਾਸ਼ਟਰਪਤੀ ਅਲਵੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਮੇਸ਼ਾ ਕਸ਼ਮੀਰ ਮੁੱਦੇ ਨੂੰ ਹਰ ਅੰਤਰਰਾਸ਼ਟਰੀ ਮੰਚ 'ਤੇ ਚੁੱਕਣਗੇ। ਉਨ੍ਹਾਂ ਨੇ ਪੁਲਵਾਮਾ ਹਮਲੇ ਨੂੰ ਭਾਰਤ ਦੀ ਸਾਜ਼ਿਸ਼ ਦੱਸਿਆ ਤੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਬਦਨਾਮ ਕਰਨ ਲਈ ਅਜਿਹਾ ਕੁਝ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੰਗ ਦੀ ਸ਼ੁਰੂਆਤ ਕਰੇਗਾ ਤੇ ਪਾਕਿਸਤਾਨ ਵੀ ਚੁੱਪ ਨਹੀਂ ਰਹੇਗਾ।


Baljit Singh

Content Editor

Related News