ਪਾਕਿਸਤਾਨ : ਹਿਰਾਸਤ ''ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

Sunday, Sep 20, 2026 - 05:37 PM (IST)

ਪਾਕਿਸਤਾਨ : ਹਿਰਾਸਤ ''ਚ ਲਈ ਗਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਵੱਲੋਂ ਅਗਲੇ ਹਫ਼ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਪਾਕਿਸਤਾਨੀ ਅਧਿਕਾਰੀਆਂ ਨੇ ਐਤਵਾਰ ਨੂੰ ਉਨ੍ਹਾਂ ਦੀ ਭੈਣ ਅਲੀਮਾ ਖ਼ਾਨ ਨੂੰ ਹਿਰਾਸਤ ਵਿੱਚ ਲੈ ਲਿਆ। ਅਲੀਮਾ ਖ਼ਾਨ ਨੂੰ ਲਾਹੌਰ ਤੋਂ ਹਿਰਾਸਤ ਵਿੱਚ ਲੈ ਕੇ ਕੋਟ ਲਖਪਤ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

ਅਲੀਮਾ ਖ਼ਾਨ ਨੂੰ 'ਪੰਜਾਬ ਮੇਨਟੇਨੈਂਸ ਆਫ਼ ਪਬਲਿਕ ਆਰਡਰ ਆਰਡੀਨੈਂਸ, 1960' ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ, ਜੋ ਸਥਾਨਕ ਪੁਲਿਸ ਨੂੰ ਅਮਨ-ਕਾਨੂੰਨ ਲਈ ਖ਼ਤਰਾ ਮੰਨੇ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਲਾਹੌਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਇਜਾਜ਼ ਨੇ ਇਹ ਹਿਰਾਸਤ ਦੇ ਹੁਕਮ 30 ਦਿਨਾਂ ਲਈ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਅਲੀਮਾ 73 ਸਾਲਾ ਇਮਰਾਨ ਖ਼ਾਨ ਦੀ ਜੇਲ੍ਹ ਤੋਂ ਰਿਹਾਈ ਲਈ ਲਗਾਤਾਰ ਆਵਾਜ਼ ਉਠਾਉਂਦੀ ਰਹੀ ਹੈ, ਜੋ ਸਾਲ 2023 ਤੋਂ ਜੇਲ੍ਹ ਵਿੱਚ ਬੰਦ ਹਨ।

ਇਹ ਕਾਰਵਾਈ ਇਮਰਾਨ ਖ਼ਾਨ ਦੀ ਰਿਹਾਈ ਲਈ ਸਰਕਾਰ 'ਤੇ ਦਬਾਅ ਬਣਾਉਣ ਵਾਸਤੇ ਪੀ.ਟੀ.ਆਈ. ਵੱਲੋਂ 27 ਸਤੰਬਰ ਨੂੰ ਕੀਤੇ ਜਾਣ ਵਾਲੇ ਪ੍ਰਸਤਾਵਿਤ ਪ੍ਰਦਰਸ਼ਨ ਤੋਂ ਠੀਕ ਪਹਿਲਾਂ ਕੀਤੀ ਗਈ ਹੈ। ਇਮਰਾਨ ਖ਼ਾਨ ਦੀ ਇੱਕ ਹੋਰ ਭੈਣ ਨੋਰੀਨ ਨਿਆਜ਼ੀ ਨੇ ਦੱਸਿਆ ਕਿ ਅਲੀਮਾ ਨੂੰ ਘਰੋਂ ਨਿਕਲਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ। ਨੋਰੀਨ ਨੇ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਸਰਕਾਰ ਇੰਨੀ ਡਰੀ ਹੋਈ ਕਿਉਂ ਹੈ ਕਿ ਹੁਣ ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਪੀ.ਟੀ.ਆਈ. ਦੇ ਕੇਂਦਰੀ ਸੂਚਨਾ ਸਕੱਤਰ ਸ਼ੇਖ਼ ਵਕਾਸ ਅਕਰਮ ਨੇ ਇਸ ਗ੍ਰਿਫ਼ਤਾਰੀ ਦੀ ਕੜੀ ਨਿੰਦਾ ਕਰਦਿਆਂ ਅਲੀਮਾ ਖ਼ਾਨ ਨੂੰ ਤੁਰੰਤ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ। ਅਕਰਮ ਨੇ ਸੋਸ਼ਲ ਮੀਡੀਆ ਮੰਚ 'X' 'ਤੇ ਲਿਖਿਆ ਕਿ ਆਪਣੇ ਭਰਾ ਦੇ ਹੱਕ ਵਿੱਚ ਆਵਾਜ਼ ਉਠਾਉਣ ਲਈ ਇੱਕ ਭੈਣ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਹਿਰਾਸਤੀ ਹੁਕਮ ਨੂੰ ਹਾਈ ਕੋਰਟ ਅਤੇ ਸੂਬਾਈ ਸਰਕਾਰ ਕੋਲ ਚੁਣੌਤੀ ਦਿੱਤੀ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਅਪ੍ਰੈਲ 2022 ਵਿੱਚ ਅਵਿਸ਼ਵਾਸ ਮਤੇ ਰਾਹੀਂ ਸੱਤਾ ਤੋਂ ਲਾਂਭੇ ਕੀਤੇ ਗਏ ਇਮਰਾਨ ਖ਼ਾਨ ਕਈ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News