ਤੁਰਕੀ ’ਚ ਪੁਲਸ ਨੇ ਮਹਿਲਾ ਵਿਖਾਵਾਕਾਰੀਆਂ ਨੂੰ ਰੋਕਣ ਲਈ ਦਾਗੇ ਹੰਝੂ ਗੈਸ ਦੇ ਗੋਲੇ
Saturday, Nov 27, 2021 - 10:18 AM (IST)
ਇਸਤਾਂਬੁਲ (ਭਾਸ਼ਾ)- ਤੁਰਕੀ ਦੇ ਇਸਤਾਂਬੁਲ ਵਿਚ ਮਹਿਲਾ ਵਿਖਾਵਾਕਾਰੀਆਂ ਨੂੰ ਰੋਕਣ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਦਾਗੇ। ਔਰਤਾਂ ਨੂੰ ਹਿੰਸਾ ਤੋਂ ਬਚਾਉਣ ਨਾਲ ਸਬੰਧਤ ਇਕ ਇਤਿਹਾਸਕ ਕੌਮਾਂਤਰੀ ਸਮਝੌਤੇ ਵਿਚ ਤੁਰਕੀ ਦੀ ਵਾਪਸੀ ਦੀ ਮੰਗ ਸਬੰਧੀ ਇਸ ਵਿਖਾਵੇ ਦਾ ਆਯੋਜਨ ਕੀਤਾ ਗਿਆ। ਔਰਤਾਂ ਖਿਲਾਫ ਅੱਤਿਆਚਾਰਕ ਦੇ ਖਾਤਮੇ ਲਈ 25 ਨਵੰਬਰ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਦਿਵਸ ਮੌਕੇ ਇਸਤਾਂਬੁਲ ਦੀ ਮੁੱਖ ਸੜਕ ਇਸਤਿਕਲਾਲ ’ਤੇ ਮਾਰਚ ਕੱਢਿਆ ਗਿਆ। ਇਸ ਦੌਰਾਨ ਔਰਤਾਂ ਨੇ ਰੰਗ-ਬਿਰੰਗੀਆਂ ਤਖਤੀਆਂ ਹੱਥ ਵਿਚ ਫੜੀਆਂ ਹੋਈਆਂ ਸਨ ਅਤੇ ਯੂਰਪੀ ਪ੍ਰੀਸ਼ਦ ਦੇ ‘ਇਸਤਾਂਬੁਲ ਸਮਝੌਤੇ’ ਵਿਚ ਦੇਸ਼ ਦੇ ਬਣੇ ਰਹਿਣ ਦੀ ਮੰਗ ਕੀਤੀ।
ਔਰਤਾਂ ਨੂੰ ਮੁੱਖ ਸੜਕ ਤੋਂ ਅੱਗੇ ਜਾਣ ਲਈ ਦੰਗਾ ਰੋਕੂ ਪੁਲਸ ਨੇ ਰੁਕਾਵਟਾਂ ਲਗਾਈਆਂ ਸਨ। ਵਿਖਾਵਾ ਕਰ ਰਹੀਆਂ ਔਰਤਾਂ ਦੇ ਰੁਕਾਵਟਾਂ ਪਾਰ ਕਰਦਿਆਂ ਹੀ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਹੰਝੂ ਗੈਸ ਦੇ ਗੋਲੇ ਦਾਗੇ। ਇਸ ਦੌਰਾਨ ਇਕ ਔਰਤ ਜ਼ਖਮੀ ਹੋ ਗਈ। ਇਸੇ ਤਰ੍ਹਾਂ ਦੇ ਵਿਖਾਵੇ ਅੰਕਾਰਾ ਅਤੇ ਹੋਰ ਸ਼ਹਿਰਾਂ ਵਿਚ ਵੀ ਕੀਤੇ ਗਏ। ਤੁਰਕੀ ਦੇ ਰਾਸ਼ਟਰਪਤੀ ਰਜਬ ਤੈਯਬ ਏਰਦੋਆਨ ਨੇ ਮਾਰਚ ਵਿਚ ਦੇਸ਼ ਨੂੰ ਸਮਝੌਤੇ ਤੋਂ ਬਾਹਰ ਕਰ ਲਿਆ ਸੀ, ਜਿਸਦੀ ਮਹਿਲਾ ਅਧਿਕਾਰ ਸਮੂਹਾਂ ਅਤੇ ਪੱਛਮੀ ਦੇਸ਼ਾਂ ਨੇ ਆਲੋਚਨਾ ਕੀਤੀ ਸੀ। ਔਰਤਾਂ ਦੇ ਅਧਿਕਾਰਾਂ ’ਤੇ ਕੰਮ ਕਰਨ ਵਾਲੇ ਸੰਗਠਨ ‘ਵੀ ਵਿਲ ਸਟਾਪ ਫੈਮੀਸਾਈਡ’ ਦਾ ਕਹਿਣਾ ਹੈ ਕਿ ਤੁਰਕੀ ਵਿਚ 2021 ਵਿਚ ਹੁਣ ਤੱਕ 353 ਔਰਤਾਂ ਦੀ ਹੱਤਿਆ ਕੀਤੀ ਗਈ ਅਤੇ ਪਿਛਲੇ ਸਾਲ 409 ਔਰਤਾਂ ਦੀ ਜਾਨ ਗਈ ਸੀ।