ਤੁਰਕੀ ਦੇ ਲੜਾਕੂ ਜਹਾਜ਼ ਨੇ ਇਦਲਿਬ ''ਤੇ ਸੀਰੀਆ ਦਾ ਜਹਾਜ਼ ਡੇਗਿਆ
Tuesday, Mar 03, 2020 - 09:40 PM (IST)
ਬੇਰੂਤ (ਏ.ਐਫ.ਪੀ.)- ਤੁਰਕੀ ਦੇ ਇਕ ਲੜਾਕੂ ਜਹਾਜ਼ ਨੇ ਸੀਰੀਆ ਦੇ ਇਦਲਿਬ ਸੂਬੇ ਦੇ ਉੱਤਰੀ-ਪੱਛਮ 'ਚ ਸੀਰੀਆਈ ਅਸਦ ਸਰਕਾਰ ਦੇ ਇਕ ਜੰਗੀ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਹੇਠਾਂ ਸੁੱਟ ਦਿੱਤਾ। ਸੀਰੀਆ ਦੀ ਸਰਕਾਰੀ ਨਿਊਜ਼ ਏਜੰਸੀ ਸਨਾ ਵਲੋਂ ਇਸ ਸਬੰਧੀ ਖਬਰ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਇਦਲਿਬ ਖੇਤਰ ਵਿਚ ਰੂਸ ਦੀ ਹਮਾਇਤ ਵਾਲੀ ਸਰਕਾਰ ਦੇ ਖਿਲਾਫ ਤੁਰਕੀ ਦੀ ਮੁਹਿੰਮ ਵਿਚ ਐਤਵਾਰ ਨੂੰ ਦੋ ਹੋਰ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਹੇਠਾਂ ਸੁੱਟ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਰੂਸ ਨੇ ਤੁਰਕੀ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਸੀ ਕਿ ਉਹ ਸੀਰੀਆ ਦੇ ਹਵਾਈ ਖੇਤਰ ਵਿਚ ਉਡਾਣ ਭਰਨ ਵਾਲੇ ਜਹਾਜ਼ਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕਦਾ। ਦਰਅਸਲ ਤੁਰਕੀ ਨੇ ਸੀਰੀਆ ਦੇ ਦੋ ਲੜਾਕੂ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਕੇ ਹੇਠਾਂ ਸੁੱਟ ਦਿੱਤਾ ਸੀ ਜਿਸ ਮਗਰੋਂ ਦਮਿਸ਼ਕ (ਸੀਰੀਆ) ਨੇ ਆਪਣੇ ਇਦਲਿਬ ਦੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ ਅਤੇ ਨਾਲ ਹੀ ਇਹ ਧਮਕੀ ਵੀ ਦਿੱਤੀ ਕਿ ਉਹ ਦੁਸ਼ਮਨ ਜਹਾਜ਼ ਨੂੰ ਦੇਖਦੇ ਹੀ ਨਿਸ਼ਾਨਾ ਬਣਾਵੇਗਾ।
ਰੂਸ ਦੇ ਰੱਖਿਆ ਮੰਤਰੀ ਕਾਉਂਟਰ ਐਡਮਿਰਲ ਓਲੇਗ ਜੁਰਾਵਲੇਵ ਨੇ ਕਿਹਾ ਸੀ ਕਿ ਅਜਿਹੀ ਸਥਿਤੀ ਵਿਚ ਰੂਸੀ ਮਿਲਟਰੀ ਕੰਟੀਨਜੇਂਟ ਆਪਣੀ ਅਗਵਾਈ ਵਿਚ ਸੀਰੀਆ ਦੇ ਹਵਾਈ ਖੇਤਰ ਵਿਚ ਤੁਰਕੀ ਦੇ ਜਹਾਜ਼ਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦਾ। ਇਹ ਕੰਟੀਨਜ਼ੈਂਟ ਸੀਰੀਆ ਵਿਚ ਮੌਜੂਦ ਹੈ। ਤੁਰਕੀ ਨੇ ਸੀਰੀਆ ਖਿਲਾਫ ਹਮਲੇ ਵਿਚ ਐਤਵਾਰ ਨੂੰ ਉਸ ਦੇ ਦੋ ਫਾਈਟਰ ਜੈੱਟ ਨੂੰ ਹੇਠਾਂ ਸੁੱਟ ਦਿੱਤਾ। ਇਸ ਵਿਚ 19 ਸੀਰੀਆਈ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ। ਸੀਰੀਆਈ ਹਵਾਈ ਹਮਲੇ 'ਚ ਪਿਛਲੇ ਹਫਤੇ ਤੁਰਕੀ ਦੇ ਕਈ ਫੌਜੀ ਜਵਾਨਾਂ ਨੇ ਆਪਣੀ ਜਾਨ ਗਵਾਈ।
ਇਸ ਤੋਂ ਮਗਰੋਂ ਰੂਸ ਦੀ ਹਮਾਇਤੀ ਸੀਰੀਆਈ ਫੌਜ ਵਿਰੁੱਧ ਫੌਜੀ ਮੁਹਿੰਮ ਵਿੱਢਣ ਦਾ ਐਲਾਨ ਕੀਤਾ। ਇਸ ਘਟਨਾ ਨਾਲ ਰੂਸ ਅਤੇ ਤੁਰਕੀ ਵਿਚਾਲੇ ਤਣਾਅ ਵਧ ਗਿਆ ਹੈ। ਹਾਲਾਂਕਿ ਤੁਰਕੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਰੂਸ ਨਾਲ ਟਕਰਾਅ ਨਹੀਂ ਚਾਹੁੰਦਾ ਹੈ। ਓਧਰ ਦੋ ਫਾਈਟਰ ਜਹਾਜ਼ਾਂ ਦੇ ਨੁਕਸਾਨ ਅਤੇ ਕਈ ਫੌਜੀਆਂ ਦੀ ਮੌਤ ਤੋਂ ਨਾਰਾਜ਼ ਸੀਰੀਆ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਸ ਦੇ ਹਵਆਈ ਖੇਤਰ ਵਿਚ ਤੁਰਕੀ ਦਾ ਜਹਾਜ਼ ਨਜ਼ਰ ਆਇਆ ਤਾਂ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਨਿਊਜ਼ ਏਜੰਸੀ ਸਾਨਾ ਮੁਤਾਬਕ, ਸੀਰੀਆਈ ਫੌਜੀ ਹਾਈ ਕਮਾਨ ਨੇ ਉੱਤਰ ਪੱਛਮੀ ਸੀਰੀਆ ਅਤੇ ਵਿਸ਼ੇਸ਼ ਤੌਰ 'ਤੇ ਇਦਲਿਬ ਖੇਤਰ ਵਿਚ ਕਿਸੇ ਵੀ ਜਹਾਜ਼ ਜਾਂ ਡਰੋਨ ਲਈ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ।